#EUROPE

70 ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਜਗਤਾਰ ਜੌਹਲ ਦੀ ਰਿਹਾਈ ਲਈ ਬਰਤਾਨਵੀ ਪੀ.ਐੱਮ. ਰਿਸ਼ੀ ਸੂਨਕ ਤੋਂ ਦਖ਼ਲ ਮੰਗਿਆ

* 70 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
* 5 ਸਾਲ ਤੋਂ ਭਾਰਤ ‘ਚ ਨਜ਼ਰਬੰਦ ਹੈ ਬਰਤਾਨਵੀ ਨਾਗਰਿਕ
ਲੰਡਨ, 7 ਸਤੰਬਰ (ਪੰਜਾਬ ਮੇਲ)- ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਨਵੀਂ ਦਿੱਲੀ ਵਿਚ ਇਸ ਹਫ਼ਤੇ ਜੀ-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਤੋਂ ਪਹਿਲਾਂ 70 ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਸੂਨਕ ਨੂੰ ਭਾਰਤ ਵਿਚ ਕੈਦ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦੀ ਤੁਰੰਤ ਰਿਹਾਈ ਕਰਵਾਉਣ ਦੀ ਮੰਗ ਕੀਤੀ ਹੈ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਸੰਸਦ ਮੈਂਬਰਾਂ ਨੇ ਸੂਨਕ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਭਾਰਤ ਵਿਚ ਕਰੀਬ ਪੰਜ ਸਾਲ ਤੋਂ ਨਜ਼ਰਬੰਦ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ। ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਵੱਲੋਂ ਕੀਤੇ ਗਏ ਕਤਲਾਂ ਵਿਚ ਕਥਿਤ ਭੂਮਿਕਾ ਦੇ ਦੋਸ਼ ਹੇਠ ਉਸ ਨੂੰ 4 ਨਵੰਬਰ 2017 ਨੂੰ ਜਲੰਧਰ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਆਪਣੇ ਵਿਆਹ ਲਈ ਪੰਜਾਬ ਆਇਆ ਹੋਇਆ ਸੀ। ਉਹ ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਹੈ।
ਸੰਸਦ ਮੈਂਬਰ ਡੇਵਿਡ ਡੇਵਿਸ ਨੇ ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਦਾ ਪਹਿਲਾ ਫਰਜ਼ ਆਪਣੇ ਨਾਗਰਿਕ ਦੀ ਰਾਖੀ ਕਰਨਾ ਹੁੰਦਾ ਹੈ ਅਤੇ ਜੇ ਕਿਸੇ ਨਾਗਰਿਕ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਉਸ ਨਾਲ ਬੇਇਨਸਾਫ਼ੀ ਹੋਈ ਹੈ, ਤਾਂ ਸਰਕਾਰ ਨੂੰ ਗੰਭੀਰਤਾ ਨਾਲ ਇਹ ਮੁੱਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਜਿਹਾ ਹੁੰਦਾ ਨਹੀਂ ਜਾਪ ਰਿਹਾ। ਵਿਦੇਸ਼ ਮੰਤਰਾਲਾ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਿਹਾ ਹੈ।
ਯੂ.ਐੱਨ. ਵਰਕਿੰਗ ਗਰੁੱਪ ਨੇ ਕਿਹਾ ਕਿ ਜੌਹਲ ਨੂੰ ਸਿੱਖ ਮਨੁੱਖੀ ਅਧਿਕਾਰਾਂ ਦਾ ਕਾਰਕੁੰਨ ਹੋਣ ਅਤੇ ਸਿੱਖਾਂ ਵਿਰੁੱਧ ਕੀਤੀਆਂ ਗਈਆਂ ਕਥਿਤ ਕਾਰਵਾਈਆਂ ਲਈ ਜਵਾਬਦੇਹੀ ਦੀ ਮੰਗ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਸੰਸਦ ਮੈਂਬਰਾਂ ਨੇ ਪੱਤਰ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਇਸ ਸਿੱਟੇ ‘ਤੇ ਪਹੁੰਚਿਆ ਹੈ ਕਿ ਜੌਹਲ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਜਗਤਾਰ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਸੂਨਕ ਦੇ ਮੋਦੀ ਨਾਲ ਚੰਗੇ ਸਬੰਧ ਹਨ, ਜਿਸ ਕਰਕੇ ਉਨ੍ਹਾਂ ਲਈ ਇਹ ਕੰਮ ਬਹੁਤਾ ਔਖਾ ਨਹੀਂ ਹੋਣਾ ਚਾਹੀਦਾ। ਡੰਬਰਟਨ ਵਿਚ ਵਕੀਲ ਤੇ ਲੇਬਰ ਕੌਂਸਲਰ ਗੁਰਪ੍ਰੀਤ ਸਿੰਘ ਨੇ ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਭਗ ਛੇ ਸਾਲ ਬੀਤ ਚੁੱਕੇ ਹਨ ਪਰ ਜਗਤਾਰ ਵਿਰੁੱਧ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਸ ‘ਤੇ ਸਿਰਫ਼ ਦੋਸ਼ ਲੱਗੇ ਹਨ। ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ, ਉਸ ਨੂੰ ਬੇਕਸੂਰ ਮੰਨਿਆ ਜਾਣਾ ਚਾਹੀਦਾ ਹੈ।
ਕਿਸੇ ਤਰ੍ਹਾਂ ਦਾ ਕੱਟੜਵਾਦ ਬਰਦਾਸ਼ਤ ਨਹੀਂ : ਸੂਨਕ
ਨਵੀਂ ਦਿੱਲੀ/ਲੰਡਨ, (ਪੰਜਾਬ ਮੇਲ)- ਬਰਤਾਨੀਆ ਵਿਚ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਸਵੀਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਇਜ਼ ਵਿਰੋਧ ਦੇ ਅਧਿਕਾਰ ਨੂੰ ਹਿੰਸਕ ਜਾਂ ਧਮਕੀ ਭਰੇ ਵਿਵਹਾਰ ਤੱਕ ਨਹੀਂ ਲਿਜਾਇਆ ਜਾ ਸਕਦਾ। ਸੂਨਕ ਨੇ ਖਬਰ ਏਜੰਸੀ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ‘ਚ ਕਿਹਾ ਕਿ ਉਹ ਹਿੰਸਕ ਅਤੇ ਵੰਡ-ਪਾਊ ਵਿਚਾਰਧਾਰਾਵਾਂ ‘ਤੇ ਕਾਬੂ ਪਾਉਣ ਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਸਰਕਾਰ ਦੇ ਫਰਜ਼ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਰਤਾਨੀਆ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਧਰ ਜੀ-20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਆ ਰਹੇ ਰਿਸ਼ੀ ਸੂਨਕ ਦੇ ਰਿਸ਼ਤੇਦਾਰ ਉਨ੍ਹਾਂ ਦੇ ਸ਼ਾਨਦਾਰ ਸਵਾਗਤ ਦੀ ਤਿਆਰੀ ਕਰ ਰਹੇ ਹਨ। ‘ਦਿ ਡੇਲੀ ਟੈਲੀਗ੍ਰਾਫ’ ਦੀ ਰਿਪੋਰਟ ਅਨੁਸਾਰ ਸੂਨਕ ਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਦਾਅਵਤ ਦਿੱਤੀ ਜਾਵੇਗੀ ਅਤੇ ਪੰਜਾਬੀ ਗੀਤਾਂ ‘ਤੇ ਭੰਗੜੇ ਪਾਏ ਜਾਣਗੇ। ਸੂਨਕ ਦੇ ਮਾਮਾ ਡਾ. ਗੌਤਮ ਦੇਵ ਸੂਦ ਨੇ ਕਿਹਾ ਕਿ ਉਨ੍ਹਾਂ ਦਾ ਸਵਾਗਤ ਕਰਨ ਲਈ ਸਾਰੇ ਰਿਸ਼ਤੇਦਾਰਾਂ ਨੂੰ ਦਿੱਲੀ ਆਉਣ ਲਈ ਕਿਹਾ ਗਿਆ ਹੈ।

Leave a comment