#EUROPE

6 ਮਈ ਨੂੰ ਚਾਰਲਸ-3 ਰਸਮੀ ਤੌਰ ‘ਤੇ ਬਣਗੇ ਬ੍ਰਿਟੇਨ ਦੇ ਮੁਖੀ

-ਸ਼ਾਨਦਾਰ ਬੱਘੀ, ਇਤਿਹਾਸਕ ਗਹਿਣਿਆਂ ਨਾਲ ਹੋਵੇਗੀ ਕਿੰਗ ਚਾਰਲਸ-3 ਦੀ ਤਾਜਪੋਸ਼ੀ
ਲੰਡਨ, 11 ਅਪ੍ਰੈਲ (ਪੰਜਾਬ ਮੇਲ)- ਬ੍ਰਿਟੇਨ ਦੇ ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਅਗਲੇ ਮਹੀਨੇ ਕਿੰਗ ਚਾਰਲਸ-3 ਅਤੇ ਮਹਾਰਾਣੀ ਕੈਮਿਲਾ ਦੀ ਰਸਮੀ ਤਾਜਪੋਸ਼ੀ ਦੇ ਵੇਰਵੇ ਸਾਂਝੇ ਕੀਤੇ, ਜਿਸ ਦੇ ਅਨੁਸਾਰ ਇਸ ਸਮਾਗਮ ਵਿਚ ਚਮਕਦਾਰ ਏਅਰ ਕੰਡੀਸ਼ਨਡ ਅਤੇ ਘੋੜੇ ਨਾਲ ਖਿੱਚੀ ਜਾਣ ਵਾਲੀ ਬੱਘੀ, ਇਤਿਹਾਸਕ ਗਹਿਣੇ ਅਤੇ ਸੋਸ਼ਲ ਮੀਡੀਆ ਲਈ ਨਵੇਂ ਇਮੋਜੀ ਖਿੱਚ ਦਾ ਕੇਂਦਰ ਹੋਣਗੇ। ਪਿਛਲੇ ਸਾਲ ਸਤੰਬਰ ਵਿਚ ਬ੍ਰਿਟਿਸ਼ ਬਾਦਸ਼ਾਹ ਐਲਿਜ਼ਾਬੈਥ-2 ਦੀ ਮੌਤ ਤੋਂ ਬਾਅਦ ਵੈਸਟਮਿੰਸਟਰ ਐਬੇ ਵਿਚ 6 ਮਈ ਨੂੰ ਇੱਕ ਧਾਰਮਿਕ ਸਮਾਰੋਹ ਵਿਚ 74 ਸਾਲ ਦੇ ਚਾਰਲਸ-3 ਰਸਮੀ ਤੌਰ ‘ਤੇ ਬ੍ਰਿਟੇਨ ਦੇ ਰਾਜ ਦੇ ਮੁਖੀ ਬਣ ਜਾਣਗੇ। ਜ਼ਿਕਰਯੋਗ ਹੈ ਕਿ ਇਹ ਸ਼ਾਹੀ ਪ੍ਰੰਪਰਾ ਸਾਲ 1953 ‘ਚ ਤਤਕਾਲੀ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਤੋਂ ਲਗਭਗ 70 ਸਾਲ ਬਾਅਦ ਚੱਲੀ ਆ ਰਹੀ ਹੈ, ਜਿਸ ‘ਚ ਪ੍ਰੰਪਰਾ ਦੇ ਨਾਲ-ਨਾਲ ਬਦਲਦੇ ਸਮੇਂ ਨੂੰ ਦੇਖਦੇ ਹੋਏ ਚਾਰਲਸ ਦੀ ਇੱਛਾ ਮੁਤਾਬਕ ਆਧੁਨਿਕ ਬਦਲਾਅ ਵੀ ਦਿਸਣਗੇ।
ਪੈਲੇਸ ਦੇ ਅਨੁਸਾਰ 6 ਮਈ ਦੀ ਸਵੇਰ ਨੂੰ ਕਿੰਗ ਚਾਰਲਸ ਬਕਿੰਘਮ ਪੈਲੇਸ ਤੋਂ ਡਾਇਮੰਡ ਜੁਬਲੀ ਸਟੇਟ ਕੋਚ ਵਿਚ ਸਵਾਰ ਹੋਣਗੇ ਅਤੇ ਜਲੂਸ ਦੇ ਨਾਲ ਵੈਸਟਮਿੰਸਟਰ ਐਬੇ ਜਾਣਗੇ। ਇਹ ਬੱਘੀ 2012 ਵਿਚ ਮਹਾਰਾਣੀ ਦੇ ਰਾਜ ਦੇ 60 ਸਾਲਾਂ ਦਾ ਜਸ਼ਨ ਮਨਾਉਣ ਲਈ ਬਣਾਈ ਗਈ ਸੀ ਅਤੇ ਇਸ ਦੀ ਵਰਤੋਂ ਕਦੇ-ਕਦਾਈਂ ਦੂਜੇ ਰਾਜ ਦੇ ਮੁਖੀਆਂ ਦੇ ਨਾਲ ਮਹਾਰਾਣੀ ਜਾਂ ਉਸਦੇ ਪ੍ਰਤੀਨਿਧੀ ਦੁਆਰਾ ਸਵਾਰੀ ਲਈ ਕੀਤੀ ਜਾਂਦੀ ਹੈ। ਉੱਥੇ ਤਾਜਪੋਸ਼ੀ ਤੋਂ ਬਾਅਦ ਕਿੰਗ ਸੁਨਹਿਰੀ ਰਾਜ ਕੋਚ ਦੀ ਵਰਤੋਂ ਐਬੇ ਤੋਂ ਮਹਿਲ ਪਰਤਣ ਲਈ ਕਰਨਗੇ। ਜਾਣਕਾਰੀ ਮੁਤਾਬਕ ਗੋਲਡਨ ਸਟੇਟ ਕੋਚ ਨੂੰ ਆਖਰੀ ਵਾਰ ਜੂਨ 2022 ‘ਚ ਮਹਾਰਾਣੀ ਐਲਿਜ਼ਾਬੇਥ ਦੇ ਪਲੈਟੀਨਮ ਜੁਬਲੀ ਸਮਾਰੋਹ ‘ਚ ਦੇਖਿਆ ਗਿਆ ਸੀ। ਇਹ 1760 ਵਿਚ ਬਣਾਇਆ ਗਿਆ ਸੀ ਅਤੇ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਕਿੰਗ ਜਾਰਜ-3 ਦੁਆਰਾ 1762 ਵਿਚ ਸੰਸਦ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਨ ਲਈ ਮਹਿਲ ਤੋਂ ਸੰਸਦ ਤੱਕ ਜਾਣ ਲਈ ਕੀਤੀ ਗਈ ਸੀ।
ਬਿਆਨ ਅਨੁਸਾਰ, ”ਇਸ ਬੱਘੀ ਦੀ ਵਰਤੋਂ 1831 ਵਿਚ ਵਿਲੀਅਮ-4 ਦੇ ਸਮੇਂ ਤੋਂ ਤਾਜਪੋਸ਼ੀ ਦੌਰਾਨ ਕੀਤੀ ਜਾਂਦੀ ਰਹੀ ਹੈ। ਇਸ ਬੱਘੀ ਨੂੰ ਅੱਠ ਘੋੜਿਆਂ ਦੁਆਰਾ ਖਿੱਚਿਆ ਜਾਂਦਾ ਹੈ ਅਤੇ ਇਸ ਦਾ ਭਾਰ ਲਗਭਗ ਚਾਰ ਟਨ ਹੈ।” ਪ੍ਰੋਗਰਾਮ ਦੇ ਹਿੱਸੇ ਵਜੋਂ ਰਾਜਾ ਤਾਜਪੋਸ਼ੀ ਤੋਂ ਬਾਅਦ ਮਹਿਲ ਵਾਪਸ ਪਰਤਣਗੇ ਅਤੇ ਕਿੰਗ ਅਤੇ ਮਹਾਰਾਣੀ ਨੂੰ ਯੂਨਾਈਟਿਡ ਕਿੰਗਡਮ ਅਤੇ ਰਾਸ਼ਟਰਮੰਡਲ ਆਰਮਡ ਫੋਰਸਿਜ਼ ਦੁਆਰਾ ਸ਼ਾਹੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹਥਿਆਰਬੰਦ ਬਲਾਂ ਵੱਲੋਂ ਸਨਮਾਨ ਦਿੱਤਾ ਜਾਵੇਗਾ। ਸ਼ਾਹੀ ਗਹਿਣਿਆਂ ਵਿਚੋਂ ਮੁੱਖ ਤਾਜਪੋਸ਼ੀ ਰੀਗਾਲੀਆ ਹੈ, ਜੋ ਟਾਵਰ ਆਫ਼ ਲੰਡਨ ਵਿਖੇ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇਸ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਜਦੋਂ ਕਿੰਗ ਚਾਰਲਸ ਪਾਰਲੀਮੈਂਟ ਸੈਸ਼ਨ ਸ਼ੁਰੂ ਕਰਨ ਲਈ ਜਾਣਗੇ ਤਾਂ ਅਧਿਕਾਰੀ ਦੋ ਦੰਡ ਲੈ ਕੇ ਉਨ੍ਹਾਂ ਦੇ ਅੱਗੇ ਤੁਰਨਗੇ। ਇਹ ਦੋ ਚਾਂਦੀ-ਪਲੇਟੇਡ ਡੰਡੇ ਕ੍ਰਮਵਾਰ 1660 ਅਤੇ 1695 ਵਿਚ ਬਣਾਏ ਗਏ ਸਨ ਅਤੇ ਉਹਨਾਂ ‘ਤੇ ਰਸਮੀ ਚਿੰਨ੍ਹ ਅੰਕਿਤ ਹਨ। ਕਿੰਗ ਚਾਰਲਸ ਤਾਜਪੋਸ਼ੀ ਸਮਾਰੋਹ ਦੌਰਾਨ ਤਿੰਨ ਤਲਵਾਰਾਂ ਦੀ ਵਰਤੋਂ ਕਰਨਗੇ। ਇਹ ਤਲਵਾਰਾਂ ਨਿਆਂ, ਹਥਿਆਰਬੰਦ ਸੈਨਾਵਾਂ ਦੇ ਮੁਖੀ ਅਤੇ ਅਧਿਆਤਮਿਕ ਨਿਆਂ ਦਾ ਪ੍ਰਤੀਕ ਹੋਣਗੀਆਂ, ਜਿਸ ਦੀ ਗੱਦੀ ‘ਤੇ ਬੈਠੇ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ। ਇਹ ਤਲਵਾਰਾਂ ਪਹਿਲੀ ਵਾਰ 1626 ਵਿਚ ਕਿੰਗ ਚਾਰਲਸ ਪਹਿਲੇ ਦੀ ਤਾਜਪੋਸ਼ੀ ਮੌਕੇ ਵਰਤੀਆਂ ਗਈਆਂ ਸਨ।
ਕਿੰਗ ਚਾਰਲਸ ਨੀਲਮ ਅਤੇ ਹੀਰੇ ਨਾਲ ਜੜੀ ਮੁੰਦਰੀ ਪਹਿਨਣਗੇ ਜੋ ਉਸਦੀ ਸ਼ਕਤੀ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੋਵੇਗਾ। ਰਾਣੀ ਕੈਮਿਲਾ ਸੋਨੇ ਦੀ ਇੱਕ ਰੂਬੀ ਰਿੰਗ ਪਹਿਨੇਗੀ, ਜੋ ਕਿ ਕਿੰਗ ਵਿਲੀਅਮ-4 ਦੀ ਪਤਨੀ ਰਾਣੀ ਐਡੀਲੇਡ ਦੁਆਰਾ 1831 ਵਿਚ ਪਹਿਨੀ ਗਈ ਸੀ। ਇਸ ਦੌਰਾਨ ਮਹਿਲ ਵੱਲੋਂ ਤਾਜਪੋਸ਼ੀ ਨੂੰ ਲੈ ਕੇ ਇੱਕ ਵਿਸ਼ੇਸ਼ ਇਮੋਜੀ ਜਾਰੀ ਕੀਤਾ ਜਾਵੇਗਾ, ਜੋ ਸੈਂਟ ਐਡਵਰਡ ਤਾਜ ‘ਤੇ ਆਧਾਰਿਤ ਹੋਵੇਗਾ, ਜਿਸਦੀ ਵਰਤੋਂ ਨਵਾਂ ਕਿੰਗ ਕਰੇਗਾ। ਇਸ ਹਫ਼ਤੇ ਦੇ ਅੰਤ ਵਿਚ ਐਬੇ ਵਿਖੇ ਸਮਾਰੋਹ ਵਿਚ ਲਗਭਗ 2,000 ਮਹਿਮਾਨ ਸ਼ਾਮਲ ਹੋਣਗੇ, ਜਿਸ ਵਿਚ 850 ਚੈਰੀਟੇਬਲ ਅਤੇ ਕਮਿਊਨਿਟੀ ਸਮੂਹਾਂ ਦੇ ਪ੍ਰਤੀਨਿਧਾਂ ਦੇ ਨਾਲ-ਨਾਲ ਬ੍ਰਿਟਿਸ਼ ਸਾਮਰਾਜ ਮੈਡਲ ਦੇ ਜੇਤੂ ਵੀ ਸ਼ਾਮਲ ਹੋਣਗੇ। ਭਾਰਤੀ ਮੂਲ ਦੀ ਸ਼ੈੱਫ ਅਤੇ ਬ੍ਰਿਟਿਸ਼ ਸਾਮਰਾਜ ਮੈਡਲਿਸਟ ਮੰਜੂ ਮੱਲ੍ਹੀ ਵੀ ਸ਼ਾਹੀ ਜੋੜੇ ਦੁਆਰਾ ਬੁਲਾਏ ਗਏ ਲੋਕਾਂ ਵਿਚ ਸ਼ਾਮਲ ਹੈ।

Leave a comment