ਮੁੰਬਈ, 8 ਸਤੰਬਰ (ਪੰਜਾਬ ਮੇਲ)- ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਕਾਫੀ ਸਮੇਂ ਤੋਂ ਵਿਵਾਦਾਂ ‘ਚ ਘਿਰੀ ਹੋਈ ਸੀ, ਜਿਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਡੇਟ ਵੀ ਟਾਲ ਦਿੱਤੀ ਗਈ ਸੀ। 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਖ਼ਿਲਾਫ਼ ਸੈਂਸਰ ਬੋਰਡ ਪਹਿਲਾਂ ਹੀ ਕਾਰਵਾਈ ਕਰ ਚੁੱਕਾ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਫ਼ਿਲਮ ਨੂੰ 3 ਕੱਟਾਂ ਅਤੇ ਕੁੱਲ 10 ਬਦਲਾਅ ਨਾਲ ‘UA’ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫ਼ਿਲਮ ‘ਐਮਰਜੈਂਸੀ’ ਦੇ ਨਿਰਮਾਤਾਵਾਂ ਤੋਂ ਵਿਵਾਦਿਤ ਇਤਿਹਾਸਕ ਬਿਆਨਾਂ ਦੇ ਸਰੋਤ ਦੀ ਮੰਗ ਕੀਤੀ ਹੈ। ਇਸ ‘ਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਭਾਰਤੀ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਅਤੇ ਵਿੰਸਟਨ ਚਰਚਿਲ ਦੀ ਟਿੱਪਣੀ ਸ਼ਾਮਲ ਹੈ ਕਿ ਭਾਰਤੀ ‘ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਦੇ ਹਨ’। ਨਿਰਮਾਤਾਵਾਂ ਨੂੰ ਇਨ੍ਹਾਂ ਦੋਵਾਂ ਵਿਵਾਦਿਤ ਬਿਆਨਾਂ ਦਾ ਸਰੋਤ ਪ੍ਰਦਾਨ ਕਰਨਾ ਹੋਵੇਗਾ।