ਸੈਕਰਾਮੈਂਟੋ, 22 ਮਾਰਚ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਪਹਿਲਾ ਹੋਲਾ-ਮਹੱਲਾ ਨਗਰ ਕੀਰਤਨ 26 ਮਾਰਚ ਨੂੰ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਹਾਲ ਵਿਚ 13 ਮਾਰਚ ਤੋਂ ਸਮਾਗਮ ਸ਼ੁਰੂ ਹੋ ਚੁੱਕੇ ਹਨ ਅਤੇ ਰੋਜ਼ਾਨਾ ਸ਼ਾਮ ਨੂੰ ਕੀਰਤਨੀ ਜੱਥੇ ਅਤੇ ਕਥਾਵਾਚਕ ਗੁਰਬਾਣੀ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਨ੍ਹਾਂ ਵਿਚ ਭਾਈ ਪਿੰਦਰਪਾਲ ਸਿੰਘ (ਕਥਾਵਾਚਕ), ਭਾਈ ਹਰਜੀਤਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ, ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਡਾ. ਗਗਨਦੀਪ ਸਿੰਘ ਆਈਆਂ ਸੰਗਤਾਂ ਨੂੰ ਕਥਾ, ਕੀਰਤਨ ਰਾਹੀਂ ਨਿਹਾਲ ਕਰ ਰਹੇ ਹਨ। ਦੂਰੋਂ-ਨੇੜਿਓਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਗੁਰਦੁਆਰਾ ਸਾਹਿਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ ਅਤੇ ਗੁਰਬਾਣੀ ਦਾ ਆਨੰਦ ਮਾਣ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ 24 ਮਾਰਚ, ਦਿਨ ਸ਼ੁਕਰਵਾਰ ਨੂੰ ਆਤਿਸ਼ਬਾਜ਼ੀ ਹੋਵੇਗੀ। 25 ਮਾਰਚ, ਦਿਨ ਸ਼ਨੀਵਾਰ ਨੂੰ ਨਿਸ਼ਾਨ ਸਾਹਿਬ ਸੇਵਾ ਦੀ ਹੋਵਗੀ। 26 ਮਾਰਚ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਗਰ ਕੀਰਤਨ ਆਰੰਭ ਹੋਵੇਗਾ। ਨਗਰ ਕੀਰਤਨ ਦਾ ਪੈਂਡਾਂ 6 ਮੀਲ ਲੰਮਾ ਹੋਵੇਗਾ। ਬਰਾਡਸ਼ਾਅ ਰੋਡ ਤੋਂ ਵਿਨਟੇਜ ਪਾਰਕ ਅਤੇ ਐਲਕਗਰੋਵ ਫਲੋਰਿਨ ਰੋਡ ਤੋਂ ਹੁੰਦਾ ਹੋਇਆ ਗਰਬਰ ਰੋਡ ਤੋਂ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ। ਇਸ ਸੰਬੰਧੀ ਹੋਰ ਜਾਣਕਾਰੀ ਲਈ ਪੰਜਾਬ ਮੇਲ ‘ਚ ਸਫਾ ਨੰਬਰ 2 ‘ਤੇ ਲੱਗੇ ਇਸ਼ਤਿਹਾਰ ਨੂੰ ਦੇਖੋ।