#PUNJAB

2027 ਚੋਣਾਂ ਲਈ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਤਿਆਰੀਆਂ ਤੇਜ਼

-15 ਸਤੰਬਰ ਤੱਕ 50 ਤੋਂ 60 ਉਮੀਦਵਾਰ ਐਲਾਨਣ ਦੀ ਯੋਜਨਾ
ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੀ ਯੋਜਨਾ ਹੈ ਕਿ 15 ਸਤੰਬਰ ਤੱਕ ਕਰੀਬ 50 ਤੋਂ 60 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਜਾਣ। ਇਸ ਨਾਲ ਪਾਰਟੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਦੂਜੀਆਂ ਸਿਆਸੀ ਧਿਰਾਂ ਤੋਂ ਪਹਿਲਾਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਕੇ ਚੋਣ ਮੁਹਿੰਮ ਨੂੰ ਤੇਜ਼ ਕਰਨਾ ਚਾਹੁੰਦੀ ਹੈ।
ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ ਪੰਜ ਮੈਂਬਰੀ ਸੰਸਦੀ ਬੋਰਡ ਵੀ ਬਣਾਇਆ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਹਿਲਾਂ ਦੱਸਿਆ ਸੀ ਕਿ ਬੋਰਡ ਵੱਖ-ਵੱਖ ਹਲਕਿਆਂ ਤੋਂ ਆਉਣ ਵਾਲੇ ਨਾਵਾਂ ‘ਤੇ ਵਿਚਾਰ ਕਰੇਗਾ। ਉਮੀਦਵਾਰ ਦੀ ਪੰਥ ਅਤੇ ਪੰਜਾਬ ਪ੍ਰਤੀ ਸੇਵਾ, ਪਾਰਟੀ ਪ੍ਰਤੀ ਵਫ਼ਾਦਾਰੀ, ਸੰਗਠਨ ਵਿਚ ਕੰਮ ਅਤੇ ਲੋਕਾਂ ਵਿਚ ਉਸ ਦੀ ਪਕੜ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਕੀਤਾ ਜਾਵੇਗਾ।
ਅਕਾਲੀ ਦਲ ਵਾਰਿਸ ਪੰਜਾਬ ਦੇ ਹੁਣ ਤੱਕ ਕਈ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ। ਇਨ੍ਹਾਂ ਵਿਚ ਬੱਸੀ ਪਠਾਣਾਂ ਤੋਂ ਸਤਵੰਤ ਸਿੰਘ, ਮੋਗਾ ਤੋਂ ਗੁਰਮੀਤ ਸਿੰਘ ਬੁੱਕਣਵਾਲਾ, ਅਜਨਾਲਾ ਤੋਂ ਦਲਜੀਤ ਸਿੰਘ ਕਲਸੀ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਕਪੂਰਥਲਾ ਤੋਂ ਜਗਜੀਤ ਸਿੰਘ ਬਾਬਾ ਅਤੇ ਕੋਟਕਪੂਰਾ ਤੋਂ ਰਛਪਾਲ ਸਿੰਘ ਸੋਸਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਯੋਜਨਾ ਵੀ ਜਤਾਈ ਹੈ।
ਸਭ ਤੋਂ ਵੱਧ ਚਰਚਾ ਅੰਮ੍ਰਿਤਪਾਲ ਸਿੰਘ ਦੀ ਸੀਟ ਨੂੰ ਲੈ ਕੇ ਹੈ। ਪਾਰਟੀ ਪਹਿਲਾਂ ਹੀ ਇਹ ਪੁਸ਼ਟੀ ਕਰ ਚੁੱਕੀ ਹੈ ਕਿ ਅੰਮ੍ਰਿਤਪਾਲ ਸਿੰਘ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਵੇਗਾ, ਪਰ ਉਨ੍ਹਾਂ ਦੀ ਸੀਟ ਦਾ ਅੰਤਿਮ ਐਲਾਨ ਅਜੇ ਨਹੀਂ ਹੋਇਆ। ਤਲਵੰਡੀ ਸਾਬੋ, ਖਡੂਰ ਸਾਹਿਬ ਅਤੇ ਹੁਣ ਧੂਰੀ ਵਰਗੇ ਹਲਕਿਆਂ ਦੇ ਨਾਂ ਚਰਚਾ ਵਿਚ ਹਨ।
ਜੇ ਪਾਰਟੀ 15 ਸਤੰਬਰ ਤੱਕ 50 ਤੋਂ 60 ਉਮੀਦਵਾਰ ਐਲਾਨ ਦਿੰਦੀ ਹੈ, ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਸੂਬੇ ਵਿਚ ਚੋਣ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ।