ਜਲੰਧਰ, 10 ਅਕਤੂਬਰ (ਪੰਜਾਬ ਮੇਲ)- 5 ਰਾਜਾਂ ‘ਚ ਚੋਣਾਂ ਨੂੰ ਲੈ ਕੇ ਤਾਰੀਖਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਚੋਣ ਸੰਗਰਾਮ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਜਿੱਥੇ ਇਨ੍ਹਾਂ ਪੰਜਾਂ ਰਾਜਾਂ ਵਿਚ ਆਪਣੇ-ਆਪ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ‘ਚ ਜੁਟੀ ਹੈ, ਉੱਥੇ ਹੀ ਇਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਪਾਰਟੀ ਚੋਣਾਂ ਵਿਚ ਕਈ ਤਰ੍ਹਾਂ ਦੇ ਤਜਰਬੇ ਕਰਨ ਦੀ ਤਿਆਰੀ ‘ਚ ਹੈ।
ਪਹਿਲੇ ਪ੍ਰਯੋਗ ਦੇ ਤੌਰ ‘ਤੇ ਭਾਜਪਾ ਨੇ ਹਾਲ ਹੀ ‘ਚ ਕੁਝ ਸੂਬਿਆਂ ਵਿਚ ਚੋਣ ਪ੍ਰਚਾਰ ‘ਚ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਕਈ ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਹਲਕਿਆਂ ‘ਚ ਉਤਾਰਿਆ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਵਜੋਂ ਮੈਦਾਨ ‘ਚ ਉਤਰ ਕੇ ਇਹ ਲੋਕ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਂਝ ਭਾਜਪਾ ਐਕਸਪੈਰੀਮੈਂਟ ਕਰਨ ਦੇ ਮਾਮਲੇ ਵਿਚ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਕਿਤੇ ਅੱਗੇ ਹੈ ਅਤੇ ਇਸ ਵਾਰ ਕੀਤਾ ਜਾ ਰਿਹਾ ਤਜਰਬਾ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ।
ਪਾਰਟੀ ਇਸ ਵਾਰ ਜਿੱਥੇ ਵਿਧਾਨ ਸਭਾ ਚੋਣਾਂ ‘ਚ ਮੌਜੂਦਾ ਸੰਸਦ ਮੈਂਬਰਾਂ ਨੂੰ ਮੈਦਾਨ ‘ਚ ਉਤਾਰ ਰਹੀ ਹੈ, ਉੱਥੇ ਹੀ ਆਉਣ ਵਾਲੇ ਸਮੇਂ ‘ਚ ਲੋਕ ਸਭਾ ਚੋਣਾਂ ਲਈ ਵੀ ਕੁਝ ਮੌਜੂਦਾ ਵਿਧਾਇਕਾਂ ਨੂੰ ਮੈਦਾਨ ‘ਚ ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਸੂਬਿਆਂ ਵਿਚ ਰਾਜਨੀਤੀ ਕਰ ਰਹੇ ਆਗੂਆਂ ਨੂੰ ਵੀ ਲੋਕ ਸਭਾ ਚੋਣਾਂ ਵਿਚ ਅੱਗੇ ਲਿਆ ਕੇ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ। ਜਿੱਥੇ ਵੀ ਪਾਰਟੀ ਸੱਤਾ ਵਿਚ ਹੈ, ਮੰਤਰੀ ਮੰਡਲ ਦੇ ਗਠਨ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਜਿਨ੍ਹਾਂ ਆਗੂਆਂ ਨੂੰ ਐਡਜਸਟ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਲੋਕ ਸਭਾ ਲਈ ਤਿਆਰ ਕੀਤਾ ਜਾਵੇ। ਇਹ ਸਿਲਸਿਲਾ ਕਰੀਬ 2 ਸਾਲਾਂ ਤੋਂ ਚੱਲ ਰਿਹਾ ਹੈ।
ਭਾਜਪਾ ਸੂਤਰਾਂ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਕੇਂਦਰ ਅਤੇ ਸੂਬਾ ਪੱਧਰ ‘ਤੇ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕਈ ਅਜਿਹੇ ਚਿਹਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਅਜਿਹੇ ਚਿਹਰਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜੋ ਚੋਣਾਂ ਲੜਨ ਦੀ ਬਜਾਏ ਇਲਾਕਿਆਂ ‘ਚ ਕਿੰਗਮੇਕਰ ਵਜੋਂ ਕੰਮ ਕਰ ਸਕਣ। ਅਜਿਹੇ ਲੋਕਾਂ ਨੂੰ ਵੀ ਸੰਗਠਨ ਵਿਚ ਅਹਿਮ ਸਥਾਨ ਦਿੱਤਾ ਜਾ ਸਕਦਾ ਹੈ।
ਇਸ ਵਾਰ ਵੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੀ ਇਕ ਵੱਡੀ ਮਿਸਾਲ ਹਾਲ ਹੀ ‘ਚ ਪੰਜਾਬ ਵਿਚ ਦੇਖਣ ਨੂੰ ਮਿਲੀ ਹੈ, ਜਿੱਥੇ ਪਾਰਟੀ ਨੇ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਸੰਗਠਨ ਵਿਚ ਥਾਂ ਦਿੱਤੀ ਹੈ। ਪਾਰਟੀ ਸੋਚਦੀ ਹੈ ਕਿ ਇਸ ਨਾਲ ਪਾਰਟੀ ਅਤੇ ਲੀਡਰ ਦੋਵਾਂ ਪੱਧਰਾਂ ‘ਤੇ ਫਾਇਦਾ ਹੋਵੇਗਾ। ਅਜਿਹੇ ਕਦਮ ਚੁੱਕ ਕੇ ਪਾਰਟੀ ਕੁਝ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਤੇ ਪੁਰਾਣੇ ਚਿਹਰਿਆਂ ਨੂੰ ਪਾਰਟੀ ‘ਚ ਐਡਜਸਟ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।