#AMERICA

2024 ਦੀਆਂ ਅਮਰੀਕੀ ਚੋਣਾਂ ‘ਚ ਬਾਇਡਨ ਨੂੰ ਟਰੰਪ ਦੇਣਗੇ ਜ਼ਬਰਦਸਤ ਟੱਕਰ : ਸਰਵੇ

ਨਿਊਯਾਰਕ, 4 ਅਗਸਤ (ਪੰਜਾਬ ਮੇਲ)-ਇਕ ਸਰਵੇਖਣ ਅਨੁਸਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਕ ਸਾਲ ਪਹਿਲਾਂ ਦੇ ਮੁਕਾਬਲੇ 2024 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਦੀ ਪ੍ਰਵਾਨਗੀ ਰੇਟਿੰਗ ਉੱਪਰ ਵੱਲ ਵਧ ਰਹੀ ਹੈ। ਅਜਿਹਾ ਲੱਗਦਾ ਹੈ ਕਿ ਬਾਇਡਨ ਉਸ ਰਾਜਨੀਤਿਕ ਖ਼ਤਰੇ ‘ਚੋਂ ਨਿਕਲ ਆਏ ਹਨ, ਜਿਸ ਦਾ ਪਰਛਾਵਾਂ ਪਿਛਲੇ ਸਾਲ ਉਨ੍ਹਾਂ ‘ਤੇ ਸੀ, ਜਦੋਂ ਉਨ੍ਹਾਂ ਦੀ ਪਾਰਟੀ ਦੇ ਲਗਭਗ ਦੋ-ਤਿਹਾਈ ਲੋਕ ਰਾਸ਼ਟਰਪਤੀ ਅਹੁਦੇ ਲਈ ਇਕ ਵੱਖਰਾ ਉਮੀਦਵਾਰ ਚਾਹੁੰਦੇ ਸਨ। ਹੁਣ ਡੈਮੋਕ੍ਰੇਟਸ ਨੇ ਮੋਟੇ ਤੌਰ ‘ਤੇ ਉਨ੍ਹਾਂ ਨੂੰ ਆਪਣੇ ਝੰਡਾ ਬਰਦਾਰ ਦੇ ਰੂਪ ‘ਚ ਸਵੀਕਾਰ ਕਰ ਲਿਆ ਹੈ।
ਡੈਮੋਕ੍ਰੇਟਸ ਲਈ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਸਰਵੇਖਣ ‘ਚ ਬਾਇਡਨ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜ਼ਬਰਦਸਤ ਟੱਕਰ ‘ਚ ਪਾਇਆ ਗਿਆ ਹੈ, ਜਿਨ੍ਹਾਂ ਨੇ ਸੰਭਾਵੀ ਰਿਪਬਲੀਕਨ ਪ੍ਰਾਇਮਰੀ ਵੋਟਰਾਂ ‘ਚ ਇਕ ਮਜ਼ਬੂਤ ਵਾਧਾ ਹਾਸਲ ਕੀਤਾ ਭਾਵੇਂ ਉਹ 2 ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹੋਣ।
ਸਰਵੇਖਣ ਅਨੁਸਾਰ 2024 ‘ਚ ਇਕ ਕਾਲਪਨਿਕ ਵੋਟਿੰਗ ‘ਚ ਬਾਇਡਨ ਅਤੇ ਟਰੰਪ 43 ਫ਼ੀਸਦੀ ‘ਤੇ ਬਰਾਬਰ ‘ਤੇ ਰਹੇ। ਟਰੰਪ ਪ੍ਰਤੀ ਵੋਟਰਾਂ ਦੇ ਡਰ ਅਤੇ ਨਾਪਸੰਦੀ ਦੀਆਂ ਭਾਵਨਾਵਾਂ ਤੋਂ ਬਾਇਡਨ ਉਤਸ਼ਾਹਤ ਹਨ। ਚੋਣਾਂ ਤੋਂ ਇਕ ਸਾਲ ਪਹਿਲਾਂ ਸਰਵੇਖਣ ‘ਚ ਸ਼ਾਮਲ ਲੋਕਾਂ ‘ਚੋਂ 16 ਫ਼ੀਸਦੀ ਨੇ ਬਾਇਡਨ ਅਤੇ ਟਰੰਪ ਦੋਵਾਂ ਪ੍ਰਤੀ ਵਿਰੋਧ ਵਿਚਾਰ ਰੱਖੇ ਸਨ, ਇਕ ਅਜਿਹਾ ਸਮਾਂ ਜਿਸ ‘ਚ ਬਾਇਡਨ ਨੂੰ ਮਾਮੂਲੀ ਵਾਧਾ ਹਾਸਲ ਸੀ।

Leave a comment