ਸਿਓਲ, 26 ਮਈ (ਪੰਜਾਬ ਮੇਲ)- ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਏਸ਼ੀਆਨਾ ਏਅਰਲਾਈਨਜ਼ ਦੇ ਉੱਡਦੇ ਜਹਾਜ਼ ਦਾ ਯਾਤਰੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਪਰ ਇਸ ਦੇ ਬਾਵਜੂਦ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਜਹਾਜ਼ ’ਤੇ ਸਵਾਰ ਕੁਝ ਲੋਕਾਂ ਨੇ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ। 194 ਯਾਤਰੀਆਂ ਨੂੰ ਲੈ ਕੇ ਇਹ ਜਹਾਜ਼ ਦੱਖਣੀ ਟਾਪੂ ਜੇਜੂ ਤੋਂ ਦੱਖਣ-ਪੂਰਬੀ ਸ਼ਹਿਰ ਡੇਗੂ ਲਈ ਜਾ ਰਿਹਾ ਸੀ। ਸਫ਼ਰ ਕਰੀਬ ਘੰਟੇ ਦਾ ਸੀ ਪਰ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਕਿ ਦਰਵਾਜ਼ਾ ਕਿੰਨਾ ਸਮਾਂ ਖੁੱਲ੍ਹਾ ਰਿਹਾ। ਏਅਰਲਾਈਨ ਨੇ ਦੱਸਿਆ ਕਿ ਪੁਲੀਸ ਨੇ ਦਰਵਾਜ਼ਾ ਖੋਲ੍ਹਣ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਦੇ ਇਰਾਦੇ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। 9 ਯਾਤਰੀਆਂ ਨੂੰ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਲਿਜਾਇਆ ਗਿਆ।