#PUNJAB

166 ਪਾਕਿਸਤਾਨੀ ਹਿੰਦੂ ਘਰ-ਬਾਰ ਛੱਡ ਕੇ ਭਾਰਤ ਪੁੱਜੇ

-ਕਿਹਾ: ਉਹ ਪਾਕਿਸਤਾਨ ਵਾਪਸ ਨਹੀਂ ਪਰਤਣਗੇ
-ਭਾਰਤ ਸਰਕਾਰ ਨੇ ਦਿੱਤਾ ਹੈ ਹਰਿਦੁਆਰ ਦਾ ਵੀਜ਼ਾ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਮੇਲ) ਪਾਕਿਸਤਾਨ ਵਿਚ ਮੰਹਿਗਾਈ ਦੀ ਮਾਰ ਝੱਲ ਰਹੇ ਲੋਕਾਂ ਦਾ ਜਿਉਣਾ ਮੁਹਾਰ ਹੋ ਗਿਆ ਹੈ, ਜਿਸ ਕਾਰਨ ਲਗਾਤਾਰ ਉਥੋਂ ਦੇ ਬਾਸ਼ਿੰਦੇ ਦੇਸ਼ ਛੱਡਣ ਲਈ ਮਜਬੂਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਪਾਕਿਸਤਾਨ ਤੋਂ ਚਾਰ ਜੱਥਿਆਂ ਦੇ ਰੂਪ ਵਿਚ ਵੱਡੀ ਗਿਣਤੀ ਵਿਚ ਹਿੰਦੂ ਸ਼ਰਧਾਲੂ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਪੁੱਜੇ।
ਚਾਰ ਜੱਥਿਆਂ ਵਿਚ ਸ਼ਾਮਲ 166 ਹਿੰਦੂ ਸ਼ਰਧਾਲੂਆਂ ਦੀ ਅਗਵਾਈ ਕਰ ਰਹੇ ਨੇ ਰਾਮ ਚੰਦ, ਬੀਰਲ, ਰਮੇਸ਼ ਲਾਲ, ਧਨੂੰ ਰਾਮ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਗਰੀਬ ਹਨ ਤੇ ਉਹ ਭਾਰਤ ਸਰਕਾਰ ਦਾ ਸ਼ੁਕਰਗੁਜ਼ਾਰ ਕਰਦੇ ਹਨ ਕਿ ਉਨ੍ਹਾਂ ਨੂੰ ਭਾਰਤ ਆਉਣ ਦਾ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਿਰਫ 25 ਦਿਨ ਦੇ ਵੀਜ਼ੇ ‘ਤੇ ਸ੍ਰੀ ਹਰਿਦੁਆਰ ਜਾਣ ਲਈ ਆਏ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਕਦੇ ਵੀ ਪਾਕਿਸਤਾਨ ਨਹੀਂ ਜਾਣਗੇ। ਬੇਸ਼ੱਕ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਹਰਿਦੁਆਰ ਦਾ ਵੀਜ਼ਾ ਦਿੱਤਾ ਹੈ ਪਰ ਉਹ ਇਹ ਗੱਲ ਸ਼ਰੇਆਮ ਕਰਦੇ ਹਨ ਕਿ ਉਹ ਪਾਕਿਸਤਾਨ ਵਾਪਸ ਨਹੀਂ ਪਰਤਣਗੇ।
ਉਨ੍ਹਾਂ ਕਿਹਾ ਕਿ ਰਾਜਸਥਾਨ ਵਿਖੇ ਜੋਧਪੁਰ ਜੈਸਲਮੇਰ ਦੇ ਇਲਾਕਿਆਂ ਵਿਚ ਜਾ ਕੇ ਨਵੇਂ ਸਿਰਿਓਂ ਰੈਣਬਸੇਰਾ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਘਰ-ਬਾਰ ਛੱਡ ਕੇ ਘਰੇਲੂ ਸਾਮਾਨ ਲੈ ਕੇ ਪੱਕੇ ਤੌਰ ‘ਤੇ ਭਾਰਤ ਰਹਿਣ ਲਈ ਆ ਗਏ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਦਾਖ਼ਲ ਹੁੰਦਿਆਂ ਆਪਣੇ ਤੇ ਆਪਣੇ ਪਰਿਵਾਰ ਨੂੰ ਆਜ਼ਾਦ ਸਮਝ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਭਾਰਤ ਅੰਦਰ ਕਿਸੇ ਕਿਸਮ ਦਾ ਡਰ ਨਹੀਂ ਹੈ।
ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਭਾਰਤ ਪੁੱਜੇ ਪਾਕਿਸਤਾਨੀ ਹਿੰਦੂ ਸ਼ਰਧਾਲੂਆਂ ਦੇ ਜਥਿਆਂ ਨੂੰ ਸ੍ਰੀ ਹਰਿਦੁਆਰ ਦੇ ਦਰਸ਼ਨਾਂ ਲਈ ਵੀਜ਼ੇ ਮੁਹੱਈਆ ਕਰਵਾਏ ਹਨ। ਜੇ ਇਹ ਪਾਕਿਸਤਾਨੀ ਹਿੰਦੂ ਭਾਰਤ ਅੰਦਰ ਵੱਖ-ਵੱਖ ਥਾਵਾਂ ‘ਤੇ ਜਾ ਕੇ ਨਵੇਂ ਸਿਰਿਓਂ ਰੈਣਬਸੇਰਾ ਕਰਦੇ ਹਨ, ਤਾਂ ਭਾਰਤ ਸਰਕਾਰ ਤੇ ਸੂਹੀਆ ਏਜੰਸੀਆਂ ਲਈ ਸਿਰਦਰਦੀ ਵੀ ਬਣੇਗੀ। ਇਹ ਤਾਂ ਹੁਣ ਸ਼ਰਧਾਲੂਆਂ ਦੇ ਵੀਜ਼ਾ ਖਤਮ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਲੋਕ ਇੱਥੇ ਮੁੜ ਵਸੇਬਾ ਕਰਨਗੇ ਜਾਂ ਨਹੀਂ।

Leave a comment