#INDIA

10 ਰਾਜ ਸਭਾ ਸੀਟਾਂ ਲਈ ਚੋਣਾਂ 24 ਜੁਲਾਈ ਨੂੰ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- 10 ਰਾਜ ਸਭਾ ਸੀਟਾਂ ਲਈ ਚੋਣਾਂ 24 ਜੁਲਾਈ ਨੂੰ ਹੋਣਗੀਆਂ। ਇਸ ਸੰਬੰਧੀ ਚੋਣ ਕਮਿਸ਼ਨ ਨੇ ਦੱਸਿਆ ਕਿ ਸੰਸਦ ਦੇ ਉਪਰਲੇ ਸਦਨ ਦੀਆਂ 10 ਸੀਟਾਂ ਜੁਲਾਈ ਤੇ ਅਗਸਤ ‘ਚ ਖਾਲੀ ਹੋ ਰਹੀਆਂ ਹਨ, ਜਿਸ ‘ਚ ਗੋਆ ਤੋਂ ਭਾਜਪਾ ਮੈਂਬਰ ਵਿਨੈ ਡੀ. ਤੇਂਦੁਲਕਰ ਤੇ ਗੁਜਰਾਤ ਤੋਂ ਜੈਸ਼ੰਕਰ, ਜੁਗਲਸਿੰਘ ਲੋਖੰਡਵਾਲਾ ਤੇ ਦਿਨੇਸ਼ਚੰਦਰ ਅਨਾਵਦੀਆ ਆਪਣਾ ਕਾਰਜਕਾਲ ਪੂਰਾ ਕਰਨ ਵਾਲਿਆਂ ‘ਚ ਸ਼ਾਮਲ ਹਨ। ਪੱਛਮੀ ਬੰਗਾਲ ਤੋਂ ਟੀ.ਐੱਮ.ਸੀ. ਮੈਂਬਰ ਓ ਬ੍ਰਾਇਨ, ਡੋਲਾ ਸੇਨ, ਸੁਸ਼ਮਿਤਾ ਦੇਵ, ਸ਼ਾਂਤਾ ਛੇਤਰੀ ਤੇ ਸੁਖੇਂਦੂ ਸੇਖਰ ਰੇਅ ਸੇਵਾਮੁਕਤ ਹੋ ਰਹੇ ਹਨ। ਕਾਂਗਰਸ ਮੈਂਬਰ ਪ੍ਰਦੀਪ ਭੱਟਾਚਾਰੀਆ ਵੀ ਅਗਸਤ ‘ਚ ਆਪਣਾ ਕਾਰਜਕਾਲ ਪੂਰਾ ਕਰ ਰਹੇ ਹਨ। ਵੋਟਾਂ ਦੀ ਗਿਣਤੀ 24 ਜੁਲਾਈ ਨੂੰ ਸ਼ਾਮ 5 ਵਜੇ ਚੋਣ ਪ੍ਰਕਿਰਿਆ ਦੀ ਸਮਾਪਤੀ ਤੋਂ ਇਕ ਘੰਟੇ ਬਾਅਦ ਹੀ ਹੋਵੇਗੀ। ਚੋਣ ਕਮਿਸ਼ਨ ਵਲੋਂ ਜਾਰੀ ਬਿਆਨ ਅਨੁਸਾਰ 10 ਮੈਂਬਰ ਉਪਰਲੇ ਸਦਨ ‘ਚ ਛੇ ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ 28 ਜੁਲਾਈ ਤੋਂ 18 ਅਗਸਤ ਦਰਮਿਆਨ ਸੇਵਾਮੁਕਤ ਹੋ ਰਹੇ ਹਨ। ਪੱਛਮੀ ਬੰਗਾਲ ਤੋਂ ਟੀ.ਐੱਮ.ਸੀ. ਦੇ ਲੁਈਜਿਨਹੋ ਜੋਆਕਿਮ ਫਾਲੇਰੋ ਦੇ ਅਸਤੀਫ਼ੇ ਤੋਂ ਬਾਅਦ ਰਾਜ ਸਭਾ ‘ਚ ਖਾਲੀ ਥਾਂ ਨੂੰ ਭਰਨ ਲਈ ਉਪ-ਚੋਣ ਵੀ 24 ਜੁਲਾਈ ਨੂੰ ਹੋਵੇਗੀ। ਉਨ੍ਹਾਂ ਅਪ੍ਰੈਲ ‘ਚ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਉਨ੍ਹਾਂ ਦੀ ਸੀਟ ਦੀ ਮਿਆਦ ਅਪ੍ਰੈਲ 2026 ‘ਚ ਖ਼ਤਮ ਹੋਣੀ ਸੀ।

Leave a comment