ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਮੇਲ)- ਭਾਰਤ ਵੱਲੋਂ ਕੈਨੇਡਾ ਨੂੰ 10 ਅਕਤੂਬਰ ਤੱਕ ਦੇਸ਼ ਵਿਚਲੇ ਆਪਣੇ 62 ਵਿੱਚੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਹਿਣ ਤੋਂ ਬਾਅਦ ਕੈਨੇਡਾ ਨੇ ਆਪਣੇ ਹਾਈ ਕਮਿਸ਼ਨ ਤੋਂ ਸਟਾਫ਼ ਨੂੰ ਬਾਹਰ ਕੱਢ ਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਕੈਨੇਡਾ ਨੇ ਆਪਣੇ ਜ਼ਿਆਦਾਤਰ ਡਿਪਲੋਮੈਟਿਕ ਸਟਾਫ ਨੂੰ ਭਾਰਤ ਤੋਂ ਕੱਢ ਲਿਆ ਹੈ ਅਤੇ ਉਨ੍ਹਾਂ ਨੂੰ ਕੁਆਲਾਲੰਪੁਰ (ਮਲੇਸ਼ੀਆ) ਜਾਂ ਸਿੰਗਾਪੁਰ ਵਿੱਚ ਤਬਦੀਲ ਕਰ ਦਿੱਤਾ ਹੈ।
ਜ਼ਿਕਰ ਕਰ ਦਈਏ ਕਿ ਪ੍ਰੈੱਸ ਕਾਨਫਰੰਸ ‘ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਨੂੰ ਦੋਹਾਂ ਦੇਸ਼ਾਂ ਦੇ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਰੱਖਣੀ ਚਾਹੀਦੀ ਹੈ। ਹੁਣ ਕੈਨੇਡਾ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਭਾਰਤ ਵਿੱਚ ਆਪਣੇ ਕਿਹੜੇ ਡਿਪਲੋਮੈਟਾਂ ਨੂੰ ਰੱਖਣਾ ਚਾਹੁੰਦਾ ਹੈ ਅਤੇ ਕਿਸ ਨੂੰ ਬੁਲਾਉਣਾ ਚਾਹੁੰਦਾ ਹੈ।
ਬਾਗਚੀ ਨੇ ਕਿਹਾ, ‘ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ ਕਿ ਭਾਰਤ ਵਿਚ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਹ ਸਾਡੇ ਘਰੇਲੂ ਮਾਮਲਿਆਂ ਵਿਚ ਦਖਲ ਦਿੰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਆਪਣੀ ਗਿਣਤੀ ਘਟਾ ਕੇ ਵਾਪਸ ਚਲੇ ਜਾਣਗੇ।
ਇਸ ਤੋਂ ਪਹਿਲਾਂ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਭਾਰਤ ਨੇ ਕੈਨੇਡਾ ਨੂੰ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ 10 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਜ਼ਿਕਰ ਕਰ ਦਈਏ ਕਿ ਦੋ ਹਫ਼ਤੇ ਪਹਿਲਾਂ ਜਦੋਂ ਕੈਨੇਡਾ ਨੇ ਵੈਨਕੂਵਰ ਨੇੜੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੀ ਸੰਭਾਵਨਾ ਨੂੰ ਉਭਾਰਿਆ ਸੀ ਤਾਂ ਦਿੱਲੀ ਅਤੇ ਓਟਾਵਾ ਦਰਮਿਆਨ ਸਬੰਧਾਂ ਵਿੱਚ ਕੜਵਾਹਟ ਪੈਦਾ ਹੋ ਗਈ ਸੀ।