ਸਕੂਲਾਂ, ਰੈਸਟੋਰੈਂਟਾਂ ਅਤੇ ਹਾਊਸਿੰਗ ਖੇਤਰ ਵਿੱਚ ਆਉਣਗੇ ਨਵੇਂ ਨਿਯਮ
ਸੈਕਰਾਮੈਂਟੋ, 18 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਵਿੱਚ 1 ਜੁਲਾਈ 2026 ਤੋਂ ਕਈ ਮਹੱਤਵਪੂਰਨ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਅਸਰ ਲਗਭਗ ਹਰ ਪਰਿਵਾਰ, ਵਿਦਿਆਰਥੀ, ਕਰਮਚਾਰੀ, ਵਪਾਰੀ ਅਤੇ ਘਰ ਖਰੀਦਣ ਵਾਲੇ ਵਿਅਕਤੀ ਉੱਤੇ ਪਵੇਗਾ। ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਇਹ ਕਾਨੂੰਨ ਖਪਤਕਾਰ ਸੁਰੱਖਿਆ, ਰੋਜ਼ਗਾਰ, ਹਾਊਸਿੰਗ, ਸਿੱਖਿਆ, ਜਨਤਕ ਸੁਰੱਖਿਆ ਅਤੇ ਟੈਕਨਾਲੋਜੀ ਨਾਲ ਸੰਬੰਧਿਤ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਕੈਲੀਫੋਰਨੀਆ ਨੂੰ ਹੋਰ ਸੁਰੱਖਿਅਤ, ਕਿਫਾਇਤੀ ਅਤੇ ਆਧੁਨਿਕ ਬਣਾਉਣ ਲਈ ਚੁੱਕੇ ਗਏ ਹਨ।
ਜੇ ਤੁਸੀਂ ਬਾਹਰ ਖਾਣਾ ਖਾਂਦੇ ਹੋ ਅਤੇ ਤੁਹਾਨੂੰ ਕਿਸੇ ਖਾਸ ਚੀਜ਼ ਨਾਲ ਐਲਰਜੀ ਹੈ ਤਾਂ 1 ਜੁਲਾਈ ਤੋਂ ਤੁਹਾਡੇ ਲਈ ਮਹੱਤਵਪੂਰਨ ਬਦਲਾਅ ਆ ਰਿਹਾ ਹੈ। ਕੈਲੀਫੋਰਨੀਆ ਦੇ ਨਵੇਂ ਕਾਨੂੰਨ ਤਹਿਤ 20 ਜਾਂ ਇਸ ਤੋਂ ਵੱਧ ਸਥਾਨਾਂ ਵਾਲੀਆਂ ਰੈਸਟੋਰੈਂਟ ਚੇਨਾਂ ਨੂੰ ਆਪਣੇ ਮੈਨੂ ਵਿੱਚ ਮੁੱਖ ਐਲਰਜਨ ਦੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਦੁੱਧ, ਅੰਡੇ, ਮੂੰਗਫਲੀ, ਸੋਇਆ, ਗੈਂਹੂਂ, ਮੱਛੀ, ਸ਼ੈੱਲਫਿਸ਼ ਅਤੇ ਤਿਲ ਵਰਗੀਆਂ ਚੀਜ਼ਾਂ ਦੀ ਸਪੱਸ਼ਟ ਜਾਣਕਾਰੀ ਗਾਹਕਾਂ ਨੂੰ ਦਿੱਤੀ ਜਾਵੇਗੀ। ਇਹ ਜਾਣਕਾਰੀ ਮੈਨੂ, ਡਿਜੀਟਲ ਮੈਨੂ ਜਾਂ QR ਕੋਡ ਰਾਹੀਂ ਉਪਲਬਧ ਹੋਵੇਗੀ। ਇਸ ਕਾਨੂੰਨ ਦਾ ਮਕਸਦ ਖਾਣ-ਪੀਣ ਨਾਲ ਹੋਣ ਵਾਲੀਆਂ ਗੰਭੀਰ ਐਲਰਜਿਕ ਪ੍ਰਤੀਕ੍ਰਿਆਵਾਂ ਨੂੰ ਘਟਾਉਣਾ ਹੈ।
ਹਰ ਸਾਲ ਅਰਬਾਂ ਪੌਂਡ ਖਾਣਾ ਸਿਰਫ਼ ਇਸ ਲਈ ਸੁੱਟ ਦਿੱਤਾ ਜਾਂਦਾ ਹੈ ਕਿਉਂਕਿ ਲੋਕ “Sell By” ਜਾਂ “Best Before” ਵਰਗੇ ਲੇਬਲਾਂ ਦਾ ਅਰਥ ਨਹੀਂ ਸਮਝਦੇ। ਹੁਣ ਕੈਲੀਫੋਰਨੀਆ ਵਿੱਚ ਇਹ ਭਰਮ ਖਤਮ ਕੀਤਾ ਜਾ ਰਿਹਾ ਹੈ। ਨਵੇਂ ਕਾਨੂੰਨ ਤਹਿਤ “Sell By” ਲੇਬਲਾਂ ਨੂੰ ਹਟਾ ਕੇ ਸਿਰਫ਼ “BEST if Used By” ਅਤੇ “USE By” ਸ਼ਬਦ ਵਰਤੇ ਜਾਣਗੇ। ਇਸ ਨਾਲ ਉਪਭੋਗਤਾਵਾਂ ਨੂੰ ਸਪੱਸ਼ਟ ਪਤਾ ਲੱਗੇਗਾ ਕਿ ਕਿਹੜੀ ਤਾਰੀਖ ਗੁਣਵੱਤਾ ਲਈ ਹੈ ਅਤੇ ਕਿਹੜੀ ਸੁਰੱਖਿਆ ਲਈ।
1 ਜੁਲਾਈ ਤੋਂ ਕੈਲੀਫੋਰਨੀਆ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਨਖ਼ਾਹ ਵਧ ਰਹੀ ਹੈ। ਲਾਸ ਏਂਜਲਸ, ਸੈਂਟਾ ਮੋਨਿਕਾ, ਪਾਸਾਡੀਨਾ ਅਤੇ ਹੋਰ ਇਲਾਕਿਆਂ ਵਿੱਚ ਕਰਮਚਾਰੀਆਂ ਨੂੰ ਪਹਿਲਾਂ ਨਾਲੋਂ ਵੱਧ ਤਨਖ਼ਾਹ ਮਿਲੇਗੀ। ਖਾਸ ਤੌਰ ’ਤੇ ਹੈਲਥਕੇਅਰ ਉਦਯੋਗ ਲਈ ਇਹ ਵੱਡੀ ਖ਼ਬਰ ਹੈ। ਵੱਡੇ ਹਸਪਤਾਲਾਂ ਅਤੇ ਡਾਇਲਸਿਸ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਤਨਖ਼ਾਹ $25 ਪ੍ਰਤੀ ਘੰਟਾ ਹੋਵੇਗੀ। ਕੁਝ ਹੋਟਲਾਂ ਅਤੇ ਹਾਸਪਿਟੈਲਿਟੀ ਉਦਯੋਗ ਦੇ ਕਰਮਚਾਰੀਆਂ ਨੂੰ $26.50 ਪ੍ਰਤੀ ਘੰਟਾ ਤੱਕ ਦੀ ਦਰ ਮਿਲ ਸਕਦੀ ਹੈ। ਮਜ਼ਦੂਰ ਯੂਨੀਅਨਾਂ ਦਾ ਕਹਿਣਾ ਹੈ ਕਿ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਇਹ ਵਾਧਾ ਬਹੁਤ ਜ਼ਰੂਰੀ ਸੀ।
ਕੈਲੀਫੋਰਨੀਆ ਦੇ ਕਈ RURAL AREA ਇਲਾਕਿਆਂ ਵਿੱਚ ਮਾਤਾ ਸਿਹਤ ਸੇਵਾਵਾਂ ਦੀ ਘਾਟ ਹੈ। ਨਵੇਂ ਕਾਨੂੰਨ ਤਹਿਤ 10 ਸਾਲਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਅਧੀਨ ਕੁਝ ਪੇਂਡੂ ਹਸਪਤਾਲਾਂ ਵਿੱਚ ਜਨਮ ਅਤੇ ਮਾਤਾ ਸੰਭਾਲ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਨਾਲ ਗਰਭਵਤੀ ਮਹਿਲਾਵਾਂ ਨੂੰ ਸੈਂਕੜੇ ਮੀਲ ਦੂਰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਘੱਟ ਹੋਵੇਗੀ।
ਕੈਲੀਫੋਰਨੀਆ ਕਈ ਸਾਲਾਂ ਤੋਂ ਹਾਊਸਿੰਗ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਲਗਾਤਾਰ ਵੱਧ ਰਹੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਰੇਲਵੇ ਸਟੇਸ਼ਨਾਂ, ਬੱਸ ਹੱਬਾਂ ਅਤੇ ਹੋਰ ਜਨਤਕ ਆਵਾਜਾਈ ਕੇਂਦਰਾਂ ਦੇ ਨੇੜੇ ਵੱਧ ਘਣਤਾ ਵਾਲੇ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੰਦਾ ਹੈ। ਇਸ ਨਾਲ ਹਜ਼ਾਰਾਂ ਨਵੇਂ ਅਪਾਰਟਮੈਂਟ ਅਤੇ ਮਲਟੀ-ਫੈਮਿਲੀ ਹਾਊਸਿੰਗ ਯੂਨਿਟ ਬਣਨ ਦੀ ਉਮੀਦ ਹੈ।
Waymo ਅਤੇ ਹੋਰ ਡਰਾਈਵਰ-ਰਹਿਤ ਵਾਹਨਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ। ਹੁਣ ਪੁਲਿਸ ਇਨ੍ਹਾਂ ਵਾਹਨਾਂ ਨੂੰ ਵੀ ਟ੍ਰੈਫਿਕ ਉਲੰਘਣਾ ਲਈ ਟਿਕਟ ਜਾਰੀ ਕਰ ਸਕੇਗੀ। ਜੇਕਰ ਕੋਈ ਰੋਬੋਟੈਕਸੀ ਐਮਰਜੈਂਸੀ ਸੇਵਾ ਦੇ ਰਸਤੇ ਵਿੱਚ ਰੁਕਾਵਟ ਬਣਦੀ ਹੈ ਤਾਂ ਕੰਪਨੀ ਨੂੰ ਦੋ ਮਿੰਟਾਂ ਦੇ ਅੰਦਰ ਉਸਨੂੰ ਹਟਾਉਣਾ ਪਵੇਗਾ।
ਗਨ ਹਿੰਸਾ ਨੂੰ ਘਟਾਉਣ ਦੇ ਉਦੇਸ਼ ਨਾਲ ਕੈਲੀਫੋਰਨੀਆ ਨੇ ਕੁਝ Glock-ਸਟਾਈਲ ਸੈਮੀ-ਆਟੋਮੈਟਿਕ ਪਿਸਤੌਲਾਂ ਦੀ ਨਵੀਂ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਥਿਆਰ ਆਸਾਨੀ ਨਾਲ ਆਟੋਮੈਟਿਕ ਗਨਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਹਾਲਾਂਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਇਹ ਹਥਿਆਰ ਹਨ, ਉਹਨਾਂ ਲਈ ਮਾਲਕੀ ਜਾਰੀ ਰਹੇਗੀ।
ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਮੋਬਾਈਲ ਫੋਨਾਂ ਦੀ ਬੇਹੱਦ ਵਰਤੋਂ ਕਾਰਨ ਪੜ੍ਹਾਈ ਅਤੇ ਮਾਨਸਿਕ ਸਿਹਤ ਉੱਤੇ ਪੈ ਰਹੇ ਅਸਰ ਨੂੰ ਦੇਖਦਿਆਂ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ। ਹੁਣ ਹਰ ਸਕੂਲ ਡਿਸਟ੍ਰਿਕਟ ਨੂੰ ਫੋਨ ਵਰਤੋਂ ਸੰਬੰਧੀ ਨੀਤੀ ਬਣਾਉਣੀ ਪਵੇਗੀ। ਬਹੁਤੇ ਸਕੂਲ ਕਲਾਸਰੂਮ ਦੌਰਾਨ ਫੋਨਾਂ ’ਤੇ ਪਾਬੰਦੀ ਲਗਾ ਸਕਦੇ ਹਨ। ਐਮਰਜੈਂਸੀ ਜਾਂ ਮੈਡੀਕਲ ਜ਼ਰੂਰਤਾਂ ਲਈ ਛੋਟ ਜਾਰੀ ਰਹੇਗੀ।
ਨਵੇਂ ਕਾਨੂੰਨਾਂ ਤਹਿਤ ਹਰ K-12 ਸਕੂਲ ਵਿੱਚ ਘੱਟੋ-ਘੱਟ ਇੱਕ ਆਲ-ਜੈਂਡਰ ਰੈਸਟਰੂਮ ਹੋਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਵਿਦਿਆਰਥੀ ਆਈਡੀ ਕਾਰਡਾਂ ’ਤੇ LGBTQ ਨੌਜਵਾਨਾਂ ਲਈ ਸੰਕਟ ਸਹਾਇਤਾ ਨੰਬਰ ਵੀ ਛਾਪਣਾ ਲਾਜ਼ਮੀ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਲਈ ਚੁੱਕੇ ਗਏ ਹਨ।
ਨਵੇਂ ਕਾਨੂੰਨ ਅਧੀਨ ਸਕੂਲਾਂ ਵਿੱਚ ਕੰਮ ਕਰਨ ਵਾਲੇ ਠੇਕੇਦਾਰ, ਵਲੰਟੀਅਰ ਅਤੇ ਬੋਰਡ ਮੈਂਬਰ ਵੀ ਹੁਣ ਬੱਚਿਆਂ ਦੀ ਸੁਰੱਖਿਆ ਸੰਬੰਧੀ ਰਿਪੋਰਟ ਕਰਨ ਲਈ ਜ਼ਿੰਮੇਵਾਰ ਹੋਣਗੇ। ਸਕੂਲਾਂ ਨੂੰ ਹਰ ਸਾਲ ਸੁਰੱਖਿਆ ਟ੍ਰੇਨਿੰਗ ਦੇਣੀ ਹੋਵੇਗੀ ਅਤੇ ਵਿਦਿਆਰਥੀਆਂ ਨਾਲ ਸੰਪਰਕ ਰੱਖਣ ਵਾਲੇ ਹਰ ਵਿਅਕਤੀ ਲਈ ਸਖ਼ਤ ਨਿਯਮ ਲਾਗੂ ਹੋਣਗੇ।
