#AMERICA

1.49 ਲੱਖ ਭਾਰਤੀਆਂ ‘ਤੇ ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਦੋਸ਼

ਯੂ.ਐੱਸ.ਸੀ.ਬੀ.ਪੀ. ਦੀ ਰਿਪੋਰਟ ‘ਚ ਖੁਲਾਸਾ
ਵਾਸ਼ਿੰਗਟਨ, 20 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ 1.49 ਲੱਖ ਭਾਰਤੀ ਫੜੇ ਗਏ ਹਨ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂ.ਐੱਸ.ਸੀ.ਬੀ.ਪੀ.) ਦੀ ਇਕ ਰਿਪੋਰਟ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿਚ ਕਿਹਾ ਗਿਆ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ 149,000 ਭਾਰਤੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਅਜਿਹੇ ਭਾਰਤੀ ਇਹ ਵੀ ਜਾਣਦੇ ਹਨ ਕਿ ਅਮਰੀਕੀ ਸਰਹੱਦ ਪਾਰ ਕਰਨਾ ਇਕ ਜ਼ੋਖਮ ਭਰਿਆ ਕੰਮ ਹੈ, ਪਰ ਉਹ ਖ਼ੁਦ ਨੂੰ ਇਸ ਖਤਰੇ ਵਿਚ ਪਾਉਂਦੇ ਹਨ। ਇਹ ਦਰਸਾਉਂਦਾ ਹੈ, ‘ਅਮਰੀਕਨ ਡਰੀਮ’ ਬਹੁਤ ਸਾਰੇ ਭਾਰਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਇਕ ਸਮਾਚਾਰ ਏਜੰਸੀ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਜਨਵਰੀ 2022 ਵਿਚ 5,459 ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦੇ ਫੜੇ ਗਏ ਸਨ। ਘੱਟੋ-ਘੱਟ 708 ਨੂੰ ਅਮਰੀਕਾ-ਕੈਨੇਡਾ ਸਰਹੱਦ ‘ਤੇ ਫੜਿਆ ਗਿਆ। ਜਨਵਰੀ 2023 ‘ਚ ਇਹ ਗਿਣਤੀ 35.9 ਫੀਸਦੀ ਵਧ ਕੇ 7,421 ਹੋ ਗਈ। ਅਧਿਕਾਰੀਆਂ ਨੇ ਅਮਰੀਕਾ-ਕੈਨੇਡਾ ਸਰਹੱਦ ‘ਤੇ 2,478 ਨੂੰ ਹਿਰਾਸਤ ਵਿਚ ਲਿਆ। ਰਿਪੋਰਟ ਦੱਸਦੀ ਹੈ ਕਿ ਉੱਤਰ ਵਿਚ ਕੈਨੇਡਾ ਜਾਂ ਦੱਖਣ ਵਿਚ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਦੀਆਂ 2,663 ਕੋਸ਼ਿਸ਼ਾਂ ਦੌਰਾਨ ਭਾਰਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿਚ ਗੁਜਰਾਤ ਪੁਲਿਸ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਹਿਰਾਸਤ ਵਿਚ ਲਏ ਗਏ ਜ਼ਿਆਦਾਤਰ ਲੋਕ ਗੁਜਰਾਤ ਅਤੇ ਪੰਜਾਬ ਦੇ ਹਨ। ਅਮਰੀਕਾ ਅਤੇ ਕੈਨੇਡਾ ਵਿਚ ਵੀ ਅਜਿਹੀਆਂ ਘਟਨਾਵਾਂ ਹਨ, ਜਿੱਥੇ ਨਾਬਾਲਗਾਂ ਸਮੇਤ ਕਈ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ-ਅਮਰੀਕਾ ਸਰਹੱਦ ‘ਤੇ ਗੁਜਰਾਤ ਦੇ ਡਿੰਗੁਚਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਉਸਦੀ ਮੌਤ ਦਾ ਕਾਰਨ -35 ਡਿਗਰੀ ਸੈਲਸੀਅਸ ਤਾਪਮਾਨ ਸੀ। ਇਸ ਸਾਲ ਇਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਵਿਚ ਗੁਜਰਾਤ ਦੇ ਮੇਹਸਾਣਾ ਤੋਂ ਇਕ ਪਰਿਵਾਰ ਦੇ ਚਾਰ ਮੈਂਬਰ ਮਾਰਚ ਵਿਚ ਸੇਂਟ ਲਾਰੈਂਸ ਨਦੀ ਵਿਚ ਕਿਸ਼ਤੀ ਦੇ ਪਲਟ ਜਾਣ ਕਾਰਨ ਡੁੱਬ ਗਏ। ਦਸੰਬਰ 2022 ਵਿਚ ਗੁਜਰਾਤ ਦੇ ਇਕ ਹੋਰ ਵਿਅਕਤੀ ਦੀ ਡਿੱਗਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਆਪਣੀ ਪਤਨੀ ਅਤੇ ਤਿੰਨ ਪੁੱਤਰਾਂ ਨਾਲ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਦੀਵਾਰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਅਮਰੀਕਾ ਵਿਚ ਭਾਰਤੀਆਂ ਦਾ ਗੈਰ-ਕਾਨੂੰਨੀ ਪ੍ਰਵੇਸ਼ ਜਾਰੀ ਹੈ। ਯੂ.ਐੱਸ. ਬਾਰਡਰ ਪੈਟਰੋਲ ਨੇ 9,648 ਭਾਰਤੀ ਸ਼ਰਨਾਰਥੀਆਂ ਨੂੰ ਰੋਕਿਆ। ਇਨ੍ਹਾਂ ਵਿੱਚੋਂ ਘੱਟੋ-ਘੱਟ 2,289 ਨੇ ਅਮਰੀਕਾ-ਕੈਨੇਡਾ ਸਰਹੱਦ ਰਾਹੀਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

Leave a comment