#CANADA

ਸਰੀ ਦੇ ਲੇਖਕਾਂ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲਈ ਚੁਣੇ ਗਏ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਸਾਰੇ ਜੇਤੂਆਂ ਨੂੰ ਵਧਾਈ

ਸਰੀ, 5 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਸਰੀ ਦੇ ਲੇਖਕਾਂ ਨੇ ਪੰਜਾਬੀ ਸਾਹਿਤ ਅਕੈਡਮੀ ਦੀ ਚੋਣ ਵਿਚ ਚੁਣੇ ਗਏ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਅਤੇ ਉਸਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਇੱਥੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਦੇ ਸਟੋਰ ਵਿਚ ਇਕੱਤਰ ਹੋਏ ਲੇਖਕਾਂ ਨੇ ਇਸ ਗੱਲ ‘ਤੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਇਨ੍ਹਾਂ ਚੋਣਾਂ ਵਿਚ ਸਭਨਾ ਧਿਰਾਂ ਵੱਲੋਂ ਬਹੁਤ ਹੀ ਸਾਰਥਿਕ ਭੂਮਿਕਾ ਅਦਾ ਕੀਤੀ ਗਈ ਅਤੇ ਇਹ ਚੋਣਾਂ ਬਹੁਤ ਹੀ ਵਧੀਆ ਲੋਕਤੰਤਰਕ ਢੰਗ ਨਾਲ ਹੋਈਆਂ। ਲੇਖਕਾਂ ਨੇ ਇਸ ਗੱਲ ‘ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਨਤੀਜੇ ਦਾ ਐਲਾਨ ਹੋਣ ਤੋਂ ਬਾਅਦ ਡਾਕਟਰ ਸਰਬਜੀਤ ਸਿੰਘ ਅਤੇ ਲਖਵਿੰਦਰ ਜੌਹਲ ਦੇ ਧੜੇ ਦੇ ਲੇਖਕਾਂ ਨੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਸਾਹਿਤਕ ਅਕੈਡਮੀ ਦੇ ਕਾਰਜਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਸਾਹਿਤ ਅਕੈਡਮੀ ਦੀ ਟੀਮ ਨੂੰ ਵਧਾਈ ਦੇਣ ਵਾਲਿਆਂ ‘ਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਸ਼ਾਇਰ ਸਤੀਸ਼ ਗੁਲਾਟੀ, ਪ੍ਰਸਿੱਧ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ, ਲੇਖਕਾ ਪ੍ਰੋ. ਹਰਿੰਦਰ ਕੌਰ ਸੋਹੀ, ਸ਼ਾਇਰ ਹਰਦਮ ਮਾਨ, ਸ਼ਾਇਰ ਅੰਗਰੇਜ਼ ਬਰਾੜ ਅਤੇ ਨਵਰੂਪ ਸਿੰਘ ਸ਼ਾਮਿਲ ਸਨ।