#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਵੈਨ ਲਾਵਾਰਿਸ ਲਾਸ਼ਾਂ ਸੰਭਾਲਣ ਲਈ ਬਣ ਰਹੀ ਵਰਦਾਨ

ਮਲੋਟ, 20 ਸਤੰਬਰ (ਪੰਜਾਬ ਮੇਲ)-ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਵੱਖ-ਵੱਖ ਸ਼ਹਿਰਾਂ ਵਿਚ ਵੈਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ, ਜੋ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਇਸ ਮੌਕੇ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾ. ਓਬਰਾਏ ਵਲੋਂ ਮਲੋਟ ਵਾਸਤੇ ਵੀ ਵੈਨ ਦਿੱਤੀ ਗਈ ਹੈ, ਜੋ ਕਿ ਦੂਰ-ਦੁਰਾਡੇ ਖੇਤਰਾਂ ਵਿਚੋਂ ਲਾਵਾਰਿਸ ਲਾਸ਼ਾਂ ਲਿਆ ਕੇ ਅਤੇ ਗਰੀਬੀ ਪਰਿਵਾਰਾਂ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਵਿਚ ਵੀ ਮੁਫ਼ਤ ਲਿਜਾ ਰਹੀ ਹੈ। ਮਲੋਟ ਇਕਾਈ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਦੱਸਿਆ ਕਿ ਸੰਸਥਾ ਨੂੰ ਪਤਾ ਲੱਗਾ ਕਿ ਬੀਤੀ ਦਿਨੀਂ ਅਬੋਹਰ ਰੇਲਵੇ ਟਰੈਕ ‘ਤੇ ਕਿਸੇ ਵਿਅਕਤੀ ਦੀ ਰੇਲ ਗੱਡੀ ਹੇਠ ਆ ਕੇ ਮੌਤ ਹੋ ਗਈ ਹੈ, ਜਿਸ ਦੀ ਪਹਿਚਾਣ ਬਾਦ ਵਿਚ ਹਰਪਾਲ ਰਾਮ ਵਾਸੀ ਪਿੰਡ ਕਰਮਗੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਵੈਨ ਰਾਹੀਂ ਰੇਲਵੇ ਪੁਲਿਸ ਮਲੋਟ ਦੀ ਅਗਵਾਈ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਦੇ ਮੈਂਬਰ ਸ਼ੰਭੂ ਮੰਡਲ ਅਤੇ ਰਾਮ ਲਾਲ ਦੁਆਰਾ ਲਾਸ਼ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਪਹੁੰਚਾਇਆ ਗਿਆ। ਇਸ ਉਪਰਾਲੇ ਦੀ ਮਲੋਟ ਵਾਸੀਆਂ ਅਤੇ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਸੁਭਾਸ਼ ਦਹੂਜਾ ਵਲੋਂ ਸ਼ਲਾਘਾ ਕੀਤੀ ਗਈ।

Leave a comment