#CANADA

ਵੈਨਕੂਵਰ ਵਿਚਾਰ ਮੰਚ ਵੱਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਸਰੀ, 8 ਮਈ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਐਤਵਾਰ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸਰੀ, ਬਰਨਬੀ, ਕੋਕੁਇਟਲਮ, ਵੈਨਕੂਵਰ ਦੇ ਉੱਘੇ ਕਵੀਆਂ ਨੇ ਆਪਣੀਆਂ ਵੱਖ ਵੱਖ ਕਾਵਿ-ਵੰਨਗੀਆਂ ਰਾਹੀਂ ਵਿਸਾਖੀ, ਸਮਾਜ, ਦੇਸ਼-ਵਿਦੇਸ਼ ਦੇ ਅਨੇਕਾਂ ਰੰਗ ਪੇਸ਼ ਕੀਤੇ।
ਕਵੀ ਦਰਬਾਰ ਦੇ ਆਗਾਜ਼ ਵਿਚ ਮੰਚ ਸੰਚਾਲਕ ਮੋਹਨ ਗਿੱਲ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਆਪਣੀ ਕਵਿਤਾ ‘ਸਿੱਖੀ’ ਰਾਹੀਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੀਕ ਸਿੱਖ ਇਤਿਹਾਸ ਦੀ ਪੇਸ਼ਕਾਰੀ ਬੜੀ ਭਾਵੁਕਤਾ ਨਾਲ ਪੇਸ਼ ਕੀਤੀ-
‘ਸੌਖਾ ਨਹੀਂ ਹੈ ਸਿੱਖ ਬਣ ਜਾਣਾ,
ਸਿੱਖ ਕਹਾਉਣਾ ਸੌਖਾ ਨਹੀਂ ਹੈ’
ਡਾ. ਗੁਰਮਿੰਦਰ ਸਿੱਧੂ ਵਿਸਾਖੀ ਮੌਕੇ ਖੇਤਾਂ ਵਿਚ ਖੜ੍ਹੀ ਕਣਕ ਦੀ ਪੱਕੀ ਫਸਲ ਨੂੰ ਮੁਖ਼ਾਤਿਬ ਹੋ ਰਹੀ ਸੀ-
‘ਕਣਕ ਦੀਏ ਬੱਲੀਏ ਨੀ ਮੋਤੀ ਹੁਣ ਕੇਰਦੇ
ਹਾਸਿਆਂ ਦਾ ਪੋਚਾ ਸਾਡੇ ਚੌਕਿਆਂ ‘ਚ ਫੇਰਦੇ’
ਕਵੀ ਦਰਬਾਰ ਵਿਚ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਗੁਰਦਰਸ਼ਨ ਬਾਦਲ, ਨਦੀਮ ਪਰਮਾਰ, ਸੁਖਜੀਤ ਕੌਰ, ਦਵਿੰਦਰ ਗੌਤਮ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਬਿੰਦੂ ਮਠਾੜੂ, ਅਮਨ ਸੀ ਸਿੰਘ, ਗੁਰਦੀਪ ਭੁੱਲਰ, ਬਲਬੀਰ ਸਿੰਘ ਸੰਘਾ, ਬਖਸ਼ਿੰਦਰ, ਮਹਿੰਦਰਪਾਲ ਸਿੰਘ ਪਾਲ, ਖੁਸ਼ਹਾਲ ਗਲੋਟੀ, ਹਰਪ੍ਰੀਤ ਸਿੰਘ, ਡਾ. ਪਰਮਵੀਰ ਸਿੰਘ, ਪ੍ਰੋ. ਅਵਤਾਰ ਸਿੰਘ ਵਿਰਦੀ, ਨਰਿੰਦਰ ਬਾਹੀਆ ਅਤੇ ਸ਼ਾਹਗੀਰ ਗਿੱਲ ਨੇ ਆਪਣੀਆਂ ਕਾਵਿ-ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆਂ। ਰਾਜਵੰਤ ਰਾਜ ਦਾ ਰੰਗ ਸੀ-
‘ਡਾਲੀ ਤੇ ਫੁੱਲ ਬੁਸ ਜਾਂਦੇ ਨੇ, ਖੁਸ਼ੀਆਂ ਖੇਡੇ ਖੁੱਸ ਜਾਂਦੇ ਨੇ
ਐਵੇਂ ਸੱਜਣ ਰੁੱਸ ਜਾਂਦੇ ਨੇ ਵਕਤ ਜਦੋਂ ਵੀ ਮਾੜਾ ਹੋਵੇ’
ਅਤੇ ਗੁਰਦਰਸ਼ਨ ਬਾਦਲ ਅਜੋਕੇ ਭਾਰਤ ਦੀ ਤਸਵੀਰਕਸ਼ੀ ਕਰ ਰਹੇ ਸਨ-
‘ਆ ਮੈਂ ਤੈਨੂੰ ਆਪਣੇ ਦੇਸ਼ ਦੇ ਝੰਡੇ ਵਿਚਲੇ ਰੰਗ ਵਿਖਾਵਾਂ
ਬੋਲੀ, ਸਭਿਆਚਾਰ, ਲੜਾਈਆਂ, ਵਖਰੇਵੇਂ ਦੇ ਨੰਗ ਵਿਖਾਵਾਂ’
ਕਵੀ ਦਰਬਾਰ ਦੌਰਾਨ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਰਣਧੀਰ ਢਿੱਲੋਂ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਸੰਬੰਧੀ ਵਿਚਾਰ ਪੇਸ਼ ਕੀਤੇ ਅਤੇ ਸਾਰੇ ਕਵੀਆਂ ਨੂੰ ਮੁਬਾਰਕਬਾਦ ਦਿੱਤੀ। ਅੰਤ ਵਿਚ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਕਵੀ ਦਰਬਾਰ ਵਿਚ ਸ਼ਾਮਲ ਸਮੂਹ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Leave a comment