#INDIA

ਯੂਕਰੇਨ ਨੇ ਸ਼ਾਂਤੀ ਮਤੇ ਲਈ ਭਾਰਤ ਦਾ ਸਮਰਥਨ ਮੰਗਿਆ

* ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਵੱਲੋਂ ਭਾਰਤ ਦੇ ਐੱਨ.ਐੱਸ. ਏ. ਡੋਵਾਲ ਨਾਲ ਗੱਲਬਾਤ
* ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪੇਸ਼ ਕੀਤਾ ਜਾਣਾ ਹੈ ਮਤਾ
ਨਵੀਂ ਦਿੱਲੀ, 23 ਫਰਵਰੀ (ਪੰਜਾਬ ਮੇਲ)-ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਆਂਦਰੀਯ ਯਰਮਕ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਨਾਲ ਗੱਲਬਾਤ ਕਰ ਕੇ ਮੁਲਕ ‘ਚ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਵਿਚ ਪੇਸ਼ ਕੀਤੇ ਜਾਣ ਵਾਲੇ ਮਤੇ ਦਾ ਖਰੜਾ ਤਿਆਰ ਕਰਨ ਲਈ ਭਾਰਤ ਦਾ ਸਮਰਥਨ ਮੰਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਂ ਦਿੱਲੀ ਨਾਲ ਤਾਲਮੇਲ ਬਹੁਤ ਮਹੱਤਵਪੂਰਨ ਹੈ। ਯੂਕਰੇਨ ਵੱਲੋਂ ਜਾਰੀ ਬਿਆਨ ਮੁਤਾਬਕ ਯਰਮਕ ਨੇ ਫੋਨ ਕਾਲ ਵਿਚ ਡੋਵਾਲ ਨੂੰ ਵਰਤਮਾਨ ਸਥਿਤੀ ਬਾਰੇ ਜਾਣੂ ਕਰਾਇਆ ਹੈ ਤੇ ਵਿਸ਼ੇਸ਼ ਤੌਰ ‘ਤੇ ਦੋਨੈਸਕ ਖੇਤਰ ਦੇ ਬਖਮੁਤ ਸ਼ਹਿਰ ਦੀ ‘ਬੇਹੱਦ ਮੁਸ਼ਕਲ ਹੋ ਰਹੀ ਰਾਖੀ’ ਬਾਰੇ ਵੀ ਗੱਲ ਕੀਤੀ ਹੈ। ਯਰਮਕ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਰੂਸ ਕੁਝ ਵੱਖ ਤਰ੍ਹਾਂ ਦੀ ਹਮਲਾਵਰ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ, ਤੇ ਅਸੀਂ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਉਤਸ਼ਾਹ ਗੁਆ ਚੁੱਕੀ ਹੈ, ਜਦਕਿ ਯੂਕਰੇਨੀ ਸੈਨਿਕ ਬੇਮਿਸਾਲ ਬਹਾਦਰੀ ਦਾ ਉਦਾਹਰਨ ਪੇਸ਼ ਕਰ ਰਹੇ ਹਨ। ਅਸੀਂ ਉਦੋਂ ਤੱਕ ਨਹੀਂ ਰੁਕਾਂਗੇ, ਜਦ ਤੱਕ ਆਪਣੇ ਸਾਰੇ ਖੇਤਰਾਂ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ। ਸਾਨੂੰ ਸਿਰਫ਼ ਹਥਿਆਰ ਚਾਹੀਦੇ ਹਨ।’ ਡੋਵਾਲ ਨੂੰ ਯਰਮਕ ਦਾ ਇਹ ਫੋਨ ਸੰਯੁਕਤ ਰਾਸ਼ਟਰ ਮਹਾਸਭਾ ਦੀ ਇਸ ਮਤੇ ਉਤੇ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਆਇਆ ਹੈ। ਇਸ ਵਿਚ ਯੂਕਰੇਨ ‘ਚ ਸ਼ਾਂਤੀ ਲਈ ਤੁਰੰਤ ਯਤਨ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਦੀ ਜੰਗ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿਚ ਰੂਸ-ਯੂਕਰੇਨ ਦੀ ਜੰਗ ਨਾਲ ਸਬੰਧਤ ਮਤਿਆਂ ਤੋਂ ਭਾਰਤ ਨੇ ਜ਼ਿਆਦਾਤਰ ਦੂਰੀ ਬਣਾਈ ਹੈ। ਭਾਰਤ ਨੇ ਸਲਾਮਤੀ ਪ੍ਰੀਸ਼ਦ, ਮਹਾਸਭਾ ਤੇ ਮਨੁੱਖੀ ਹੱਕ ਕੌਂਸਲ ਵਿਚ ਵੋਟ ਨਹੀਂ ਪਾਈ। ਯਰਮਕ ਨੇ ਕਿਹਾ ਕਿ ਯੂਕਰੇਨ ਜੰਗ ਦੇ ਮੈਦਾਨ ਵਿਚ ਲੜਦਾ ਰਹੇਗਾ ਪਰ ਨਾਲ ਹੀ ਸ਼ਾਂਤੀ ਯੋਜਨਾ ਦੀ ਤਜਵੀਜ਼ ਵੀ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਮਤੇ ਵਿਚ ਦਸ ਨੁਕਤੇ ਰੱਖੇ ਗਏ ਹਨ, ਜਿਨ੍ਹਾਂ ਵਿਚ ਜੰਗ ਨੂੰ ਟਿਕਾਊ ਤੇ ਵਾਜਿਬ ਤਰੀਕੇ ਨਾਲ ਖ਼ਤਮ ਕਰਨ ਲਈ ਕਈ ਸਵਾਲਾਂ ਦੇ ਜਵਾਬ ਪੇਸ਼ ਕੀਤੇ ਗਏ ਹਨ। ਇਹ ਮਤਾ ਸੰਯੁਕਤ ਰਾਸ਼ਟਰ ਚਾਰਟਰ ਮੁਤਾਬਕ ਤਿਆਰ ਕੀਤਾ ਗਿਆ ਹੈ।

Leave a comment