#OTHERS

ਮੈਕਸੀਕੋ ਸਰਹੱਦ ‘ਤੇ 27 ਪ੍ਰਵਾਸੀ ਲੋਕਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ; 10 ਪ੍ਰਵਾਸੀ ਮਹਿਲਾਵਾਂ ਦੀ ਮੌਤ

ਤਾਪਾਚੁਲਾ/ਮੈਕਸੀਕੋ, 2 ਅਕਤੂਬਰ (ਪੰਜਾਬ ਮੇਲ)- ਮੈਕਸੀਕੋ ਵਿਚ ਗੁਆਟੇਮਾਲਾ ਸਰਹੱਦ ਨੇੜੇ ਇਕ ਹਾਈਵੇਅ ‘ਤੇ ਇਕ ਮਾਲ-ਵਾਹਕ ਟਰੱਕ ਦੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 10 ਮਹਿਲਾ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਮਰਨ ਵਾਲੀਆਂ ਸਾਰੀਆਂ ਔਰਤਾਂ ਕਿਊਬਾ ਦੀਆਂ ਨਾਗਰਿਕ ਸਨ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ ਕਿਊਬਾ ਦੇ ਜਿਨ੍ਹਾਂ ਨਾਗਰਿਕਾਂ ਦੀ ਮੌਤ ਹੋਈ ਹੈ, ਉਹ ਸਾਰੀਆਂ ਔਰਤਾਂ ਸਨ ਅਤੇ ਉਨ੍ਹਾਂ ਵਿਚੋਂ ਇੱਕ ਦੀ ਉਮਰ 18 ਸਾਲ ਤੋਂ ਘੱਟ ਸੀ।
ਸੰਸਥਾ ਨੇ ਕਿਹਾ ਕਿ ਟਰੱਕ ਡਰਾਈਵਰ ਸਪੱਸ਼ਟ ਤੌਰ ‘ਤੇ ਤੇਜ਼ ਰਫਤਾਰ ਨਾਲ ਵਾਹਨ ਚਲਾ ਰਿਹਾ ਸੀ ਅਤੇ ਉਸ ਨੇ ਵਾਹਨ ਦਾ ਕੰਟਰੋਲ ਗੁਆ ਦਿੱਤਾ। ਟਰੱਕ ਵਿਚ 27 ਪ੍ਰਵਾਸੀ ਸਵਾਰ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਚਿਆਪਾਸ ਰਾਜ ਦੇ ਨਾਗਰਿਕ ਸੁਰੱਖਿਆ ਦਫ਼ਤਰ ਨੇ ਕਿਹਾ ਕਿ ਇਹ ਹਾਦਸਾ ਐਤਵਾਰ ਨੂੰ ਪੀਜੀਜਿਆਪਨ ਸ਼ਹਿਰ ਦੇ ਨੇੜੇ ਹਾਈਵੇਅ ‘ਤੇ ਵਾਪਰਿਆ। ਦਫ਼ਤਰ ਨੇ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿਚ ਹਾਦਸਾਗ੍ਰਸਤ ਟਰੱਕ ਹਾਈਵੇਅ ਦੇ ਇੱਕ ਪਾਸੇ ਲਟਕਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਦੂਜੇ ਪਾਸੇ ਸੜਕ ‘ਤੇ ਪਏ ਦਿਖਾਈ ਦੇ ਰਹੇ ਹਨ।

Leave a comment