#AMERICA

ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਹਿੰਦੂ, ਬੁੱਧ, ਸਿੱਖ ਤੇ ਜੈਨ ਅਮਰੀਕੀ ਕੌਕਸ ਦੀ ਸ਼ੁਰੂਆਤ

ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ 24 ਤੋਂ ਵੱਧ ਸੰਸਦ ਮੈਂਬਰ ਦੋ-ਪੱਖੀ ਕਾਂਗਰੈਸ਼ਨਲ ਹਿੰਦੂ, ਬੁੱਧ, ਸਿੱਖ ਅਤੇ ਜੈਨ ਅਮਰੀਕੀ ਕੌਕਸ ‘ਚ ਸ਼ਾਮਲ ਹੋ ਗਏ ਹਨ। ਕੌਕਸ ਦੇ ਬਾਨੀ ਤੇ ਭਾਰਤੀ-ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਇਹ ਜਾਣਕਾਰੀ ਦਿੱਤੀ।
ਸ੍ਰੀ ਥਾਣੇਦਾਰ ਨੇ ਬੀਤੇ ਦਿਨੀਂ ਅਮਰੀਕੀ ਕਾਂਗਰਸ ਵਿਚ ਕੌਕਸ ਦੀ ਰਸਮੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਧਾਰਮਿਕ ਭੇਦ-ਭਾਵ ਨਾਲ ਨਜਿੱਠਣਾ ਅਤੇ ਹਿੰਦੂ, ਬੁੱਧ, ਸਿੱਖ ਤੇ ਜੈਨ ਧਰਮ ਦੇ ਲੋਕਾਂ ਲਈ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਹੈ। ਕਾਂਗਰੈਸ਼ਨਲ ਕੌਕਸ ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਸਮੂਹ ਹੁੰਦਾ ਹੈ, ਜੋ ਸਾਂਝੇ ਕਾਨੂੰਨੀ ਮਕਸਦਾਂ ਨੂੰ ਪੂਰਾ ਕਰਨ ਲਈ ਮੀਟਿੰਗ ਕਰਦਾ ਹੈ। ਥਾਣੇਦਾਰ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ‘ਚ ਕਿਹਾ, ‘ਅਸੀਂ ਮਹਿਜ਼ ਇੱਕ ਹੋਰ ਕੌਕਸ ਦੀ ਸ਼ੁਰੂਆਤ ਕਰਨ ਲਈ ਇਕੱਠੇ ਨਹੀਂ ਹੋ ਰਹੇ ਹਾਂ। ਅਸੀਂ ਇੱਕ ਅਜਿਹੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਇਕੱਠੇ ਹੋ ਰਹੇ ਹਾਂ, ਜੋ ਆਪਸੀ ਸਮਝ ਤੇ ਸਕਾਰਾਤਮਕ ਨੀਤੀਗਤ ਕੰਮਾਂ ਲਈ ਕੋਸ਼ਿਸ਼ ਕਰਦਾ ਹੈ।’ ਉਨ੍ਹਾਂ ਕਿਹਾ, ‘ਇਸ ਅੰਦੋਲਨ ਦਾ ਮਕਸਦ ਇਹ ਦਿਖਾਉਣਾ ਹੈ ਕਿ ਅਮਰੀਕਾ ‘ਚ ਹਰ ਧਰਮ, ਹਰ ਸੰਸਕ੍ਰਿਤੀ ਤੇ ਹਰ ਭਾਈਚਾਰੇ ਲਈ ਸਥਾਨ ਹੈ। ਮੇਰਾ ਨਾਂ ਸ਼੍ਰੀ ਥਾਣੇਦਾਰ ਹੈ। ਮੈਂ ਕਾਂਗਰਸ ‘ਚ ਅਮਰੀਕਾ ਦੀ ਵੰਨ-ਸੁਵੰਨਤਾ ਦਾ ਸਬੂਤ ਹਾਂ।’

Leave a comment