ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਸੀ.ਬੀ.ਆਈ. ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਿੱਲ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ। ਗਿੱਲ ਨੂੰ ਫਿਜੀ ਤੋਂ ਸੋਮਵਾਰ ਦੇਰ ਰਾਤ ਵਿਦੇਸ਼ਾਂ ਵਿਚ ਰਹਿ ਰਹੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸੀ.ਬੀ.ਆਈ. ਵੱਲੋਂ ਸ਼ੁਰੂ ਕੀਤੇ ‘ਅਪਰੇਸ਼ਨ ਤ੍ਰਿਸ਼ੂਲ’ ਤਹਿਤ ਦੇਸ਼ ਲਿਆਂਦਾ ਗਿਆ। ਏਜੰਸੀ ਨੇ 19 ਫਰਵਰੀ 2014 ਨੂੰ ਪਰਲਜ਼ ਗਰੁੱਪ ਅਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਵਿਰੁੱਧ ਨਿਵੇਸ਼ਕਾਂ ਨੂੰ ਨਿਵੇਸ਼ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਦੇਸ਼ ਭਰ ਦੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ।