#OTHERS

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਹੋਲੀ ਮਨਾ ਰਹੇ ਵਿਦਿਆਰਥੀਆਂ ਦੀ ਕੁੱਟਮਾਰ: 15 ਵਿਦਿਆਰਥੀ ਜ਼ਖਮੀ

ਇਸਲਾਮਾਬਾਦ, 7 ਮਾਰਚ (ਪੰਜਾਬ ਮੇਲ)- ਇਥੇ ਪੰਜਾਬ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿੱਚ ਹੋਲੀ ਮਨਾ ਰਹੇ ਹਿੰਦੂ ਵਿਦਿਆਰਥੀਆਂ ‘ਤੇ ਇਸਲਾਮੀ ਜਮੀਅਤ ਤੁਲਬਾ (ਆਈਜੇਟੀ) ਦੇ ਕਾਰਕੁਨਾਂ ਵੱਲੋਂ ਕਥਿਤ ਤੌਰ ‘ਤੇ ਹਮਲਾ ਕਰਨ ਕਾਰਨ ਘੱਟੋ ਘੱਟ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਹੋਲੀ ਮਨਾਉਣ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵੀ ਆਈ.ਜੇ.ਟੀ. ਵੱਲੋਂ ਹਿੰਦੂ ਭਾਈਚਾਰਿਆਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਹਮਲਾਵਰ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਕੋਲ ਦਰਖਾਸਤ ਦਿੱਤੀ ਗਈ ਸੀ। ਡਾਅਨ ਦੀ ਰਿਪੋਰਟ ਮੁਤਾਬਕ ਕੁਝ ਹੋਰ ਵੀਡੀਓਜ਼ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਸੁਰੱਖਿਆ ਗਾਰਡ ਡੰਡੇ ਲੈ ਕੇ ਵਿਦਿਆਰਥੀਆਂ ਨੂੰ ਕੁੱਟ ਰਹੇ ਸਨ ਅਤੇ ਉਹ ਮੌਕੇ ਤੋਂ ਭੱਜ ਰਹੇ ਸਨ। ਘਟਨਾ ਬਾਰੇ ਗੱਲ ਕਰਦਿਆਂ ਸਿੰਧ ਕੌਂਸਲ ਦੇ ਜਨਰਲ ਸਕੱਤਰ ਕਾਸ਼ਿਫ਼ ਬਰੋਹੀ ਨੇ ਦੱਸਿਆ ਕਿ ਹਿੰਦੂ ਭਾਈਚਾਰੇ ਦੇ ਮੈਂਬਰਾਂ ਅਤੇ ਕੌਂਸਲ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਹੋਲੀ ਮਨਾਈ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਹੋਲੀ ਮਨਾਉਣ ਦੇ ਸੱਦੇ ਪੋਸਟ ਕੀਤੇ ਜਾਣ ਤੋਂ ਬਾਅਦ ਆਈ.ਜੇ.ਟੀ. ਕਾਰਕੁਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

Leave a comment