ਕਰਾਚੀ, 13 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ‘ਚ ਅਣਪਛਾਤੇ ਅੱਤਵਾਦੀਆਂ ਵੱਲੋਂ ਬੱਸ ‘ਚ ਸਵਾਰ ਨੌਂ ਯਾਤਰੀਆਂ ਸਮੇਤ ਘੱਟੋ-ਘੱਟ 11 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਨੋਸ਼ਕੀ ਜ਼ਿਲ੍ਹੇ ਵਿਚ ਹਾਈਵੇਅ ‘ਤੇ ਬੱਸ ਨੂੰ ਰੋਕਿਆ ਅਤੇ ਨੌਂ ਵਿਅਕਤੀਆਂ ਨੂੰ ਅਗਵਾ ਕਰ ਲਿਆ। ਇਨ੍ਹਾਂ ਨੌਂ ਵਿਅਕਤੀਆਂ ਦੀਆਂ ਲਾਸ਼ਾਂ ਬਾਅਦ ਵਿਚ ਪੁਲ ਦੇ ਨੇੜੇ ਪਹਾੜੀ ਖੇਤਰਾਂ ਵਿਚ ਗੋਲੀਆਂ ਨਾਲ ਵਿੰਨ੍ਹੀਆਂ ਮਿਲੀਆਂ। ਬੱਸ ਕੋਇਟਾ ਤੋਂ ਤਫ਼ਤਾਨ ਜਾ ਰਹੀ ਸੀ, ਜਦੋਂ ਹਥਿਆਰਬੰਦ ਵਿਅਕਤੀਆਂ ਨੇ ਇਸ ਨੂੰ ਰੋਕਿਆ ਅਤੇ ਯਾਤਰੀਆਂ ਦੀ ਪਛਾਣ ਕਰਨ ਤੋਂ ਬਾਅਦ ਨੌਂ ਵਿਅਕਤੀਆਂ ਨੂੰ ਪਹਾੜੀ ਖੇਤਰਾਂ ਵਿਚ ਲੈ ਗਏ। ਵੱਖਰੀ ਘਟਨਾ ਵਿਚ ਉਸੇ ਹਾਈਵੇਅ ‘ਤੇ ਕਾਰ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਵਿਚ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ।