#AMERICA

* 5 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਲਿਆ ਹਿਰਾਸਤ ਵਿਚ
ਸੈਕਰਾਮੈਂਟੋ, 12 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਫਿਲਾਡੈਲਫੀਆ ਸ਼ਹਿਰ ‘ਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ ‘ਚ ਘੱਟੋ-ਘੱਟ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਵਿਚੋਂ ਇਕ ਦੇ ਢਿੱਡ ਵਿਚ ਗੋਲੀ ਵੱਜੀ ਹੈ। ਘਟਨਾ ਸਮੇਂ 1000 ਤੋਂ ਵਧ ਲੋਕ ਇਕ ਦੂਸਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਸਨ। ਗੋਲੀਬਾਰੀ ਉਪਰੰਤ ਲੋਕਾਂ ਵਿਚ ਭਗਦੜ ਮੱਚ ਗਈ ਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ। ਫਿਲਾਡੈਲਫੀਆ ਪੁਲਿਸ ਵਿਭਾਗ ਦੇ ਇਕ ਬੁਲਾਰੇ ਕੈਵਿਨ ਜੇ ਬੈਥਲ ਨੇ ਕਿਹਾ ਹੈ ਕਿ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਕਈ ਹਥਿਆਰ ਬਰਾਮਦ ਹੋਏ ਹਨ।   ਗੋਲੀਬਾਰੀ ਫਿਲਾਡੈਲਫੀਆ ਮਸਜ਼ਿਦ ਨੇੜੇ ਦੁਪਹਿਰ 2.30 ਵਜੇ ਦੇ ਆਸ-ਪਾਸ ਹੋਈ, ਜਿਥੇ ਈਦ ਮਨਾਉਣ ਲਈ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਬੈਥਲ ਅਨੁਸਾਰ ਪੁਲਿਸ ਦਾ ਵਿਸ਼ਵਾਸ ਹੈ ਕਿ ਦੋ ਧੜਿਆਂ ਵਿਚਾਲੇ ਗੋਲੀਬਾਰੀ ਪਾਰਕ ‘ਚ ਸ਼ੁਰੂ ਹੋਈ। ਉਨ੍ਹਾਂ ਕਿਹਾ ਗ੍ਰਿਫਤਾਰ ਵਿਅਕਤੀਆਂ ਵਿਚ ਇਕ ਔਰਤ ਵੀ ਸ਼ਾਮਲ ਹੈ। ਗ੍ਰਿਫਤਾਰ 15 ਸਾਲਾ ਇਕ ਸ਼ੱਕੀ ਨੌਜਵਾਨ ਦੇ ਮੋਢੇ ‘ਤੇ ਲੱਤ ਵਿਚ ਗੋਲੀ ਵੱਜੀ ਹੈ, ਜਿਸ ਨੂੰ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ।