ਜਲੰਧਰ/ਚੰਡੀਗੜ੍ਹ, 9 ਮਈ (ਪੰਜਾਬ ਮੇਲ)- ਸੂਬੇ ਵਿਚ ਜਲੰਧਰ ਅਤੇ ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਅਤੇ ਫ਼ੌਜ ਦੇ ਕੰਪਲੈਕਸਾਂ ਕੋਲ ਹੋਏ ਬੰਬ ਧਮਾਕਿਆਂ ਤੋਂ ਬਾਅਦ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੂਬੇ ਵਿਚ ਸਥਿਤ ਆਦਮਪੁਰ, ਅੰਮ੍ਰਿਤਸਰ, ਮੋਹਾਲੀ, ਹਲਵਾਰਾ ਹਵਾਈ ਅੱਡਿਆਂ ਦੇ ਆਸ-ਪਾਸ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਸ ਮੁਖੀ ਗੌਰਵ ਯਾਦਵ ਨੇ ਟ੍ਰੇਨਿੰਗ ’ਤੇ ਗਏ ਪੁਲਸ ਮੁਲਾਜ਼ਮਾਂ ਨੂੰ ਵੀ ਪ੍ਰਮੁੱਖ ਸ਼ਹਿਰਾਂ ‘ਚ ਕਾਨੂੰਨ-ਵਿਵਸਥਾ ਦੀ ਡਿਊਟੀ ’ਤੇ ਆਗਾਮੀ ਹੁਕਮਾਂ ਤਕ ਤਾਇਨਾਤ ਕਰ ਦਿੱਤਾ ਹੈ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਅੱਤਵਾਦੀਆਂ ਦਾ ਅਗਲਾ ਨਿਸ਼ਾਨਾ ਹਵਾਈ ਅੱਡੇ ਜਾਂ ਹੋਰ ਸੰਵੇਦਨਸ਼ੀਲ ਸਥਾਨ ਹੋ ਸਕਦੇ ਹਨ। ਪਾਕਿਸਤਾਨ ਅਤੇ ਉਸ ਦੀ ਏਜੰਸੀ ਆਈ. ਐੱਸ. ਆਈ. ਨੇ ਹੁਣ ਪੰਜਾਬ ਨੂੰ ਆਪਣੇ ਨਿਸ਼ਾਨੇ ’ਤੇ ਲੈ ਲਿਆ ਹੈ ਕਿਉਂਕਿ ਇਕ ਤਾਂ ਸੂਬੇ ਵਿਚ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਕੁਝ ਮਹੀਨਿਆਂ ਵਿਚ ਹੋਣੀਆਂ ਹਨ ਅਤੇ ਦੂਜਾ ਇਸ ਸਮੇਂ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦਾ ਧਿਆਨ ਆਪਣੀਆਂ ਸਭਾਵਾਂ ਵੱਲ ਰਹੇਗਾ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਅਸੀਂ ਕੋਈ ਵੀ ਜੋਖਮ ਉਠਾਉਣ ਲਈ ਤਿਆਰ ਨਹੀਂ ਹਾਂ, ਇਸ ਲਈ ਵਾਧੂ ਫੋਰਸ ਨੂੰ ਗਤੀਸ਼ੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿਚ ਨਾਈਟ ਡੋਮੀਨੈਂਸ ਆਪ੍ਰੇਸ਼ਨ ਵੀ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਆਪ੍ਰੇਸ਼ਨਾਂ ਵਿਚ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਖ਼ੁਦ ਫੀਲਡ ਵਿਚ ਜਾਣ ਦੇ ਹੁਕਮ ਦੇ ਦਿੱਤੇ ਗਏ ਹਨ।

