ਚੰਡੀਗੜ੍ਹ, 29 ਜੁਲਾਈ (ਪੰਜਾਬ ਮੇਲ)- 15 ਅਗਸਤ ਨੂੰ ਦੇਸ਼ ਦੇ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਖ਼ੁਫ਼ੀਆ ਇਨਪੁਟ ਮਿਲੇ ਹਨ ਕਿ ਕੁਝ ਅੱਤਵਾਦੀ ਸੰਗਠਨ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹਨ। ਬੀਤੇ ਦਿਨੀਂ ਸੰਗਰੂਰ ਭਾਜਪਾ ਦਫ਼ਤਰ ‘ਤੇ ਹੋਏ ਹਮਲੇ ਨੂੰ ਵੀ ਇਸ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਖ਼ੁਫ਼ੀਆ ਇਨਪੁਟਸ ਮਿਲੇ ਹਨ ਕਿ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਆਈ.ਐੱਸ.ਆਈ. ਦੇ ਇਸ਼ਾਰੇ ‘ਤੇ ਕੁਝ ਅੱਤਵਾਦੀ ਸੰਗਠਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹਨ। ਇਸ ਤਹਿਤ ਪੁਲਿਸ ਸਟੇਸ਼ਨਾਂ, ਸੁਰੱਖਿਆ ਬਲਾਂ ਤੇ ਭੀੜ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਮਗਰੋਂ ਪੁਲਿਸ ਹਾਈ ਅਲਰਟ ‘ਤੇ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਸੰਗਰੂਰ ‘ਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੋਸ਼ਲ ਮੀਡੀਆ ਰਾਹੀਂ ‘ਰਾਣਾ ਭਾਈ’ ਨਾਂ ਦੇ ਵਿਅਕਤੀ ਦੇ ਕਹਿਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫ਼ਿਲਹਾਲ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਕੁਝ ਲੋਕਾਂ ਨੂੰ ਆਈ.ਈ.ਡੀ. ਤੇ ਹੋਰ ਧਮਾਕਾਖੇਜ਼ ਸਮੱਗਰੀ ਸਮੇਤ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੰਜਾਬ ‘ਚ ਅੱਤਵਾਦੀ ਸਾਜ਼ਿਸ਼ ਸਬੰਧੀ ਮਿਲੇ ਖ਼ੁਫ਼ੀਆ ਇਨਪੁੱਟ ਕਾਰਨ ਹਾਈ ਅਲਰਟ!

