#PUNJAB

ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਹੋਈ ਸਰਗਰਮ

-ਪੰਜਾਬ ਕਾਂਗਰਸ ‘ਤੇ ਫ਼ੈਸਲੇ ਤੋਂ ਪਹਿਲਾਂ 3 ਮੈਂਬਰੀ ਟੀਮ ਲਵੇਗੀ ਫੀਡਬੈਕ
ਚੰਡੀਗੜ੍ਹ, 14 ਜੁਲਾਈ (ਪੰਜਾਬ ਮੇਲ)- ਪੰਜਾਬ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਵਧਦੀ ਧੜੇਬਾਜ਼ੀ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਸਰਗਰਮ ਹੋ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਸੂਬੇ ਦੇ 5 ਦਿਨਾਂ ਦੌਰੇ ਤੋਂ ਬਾਅਦ ਤਿਆਰ ਕੀਤੀ ਗਈ ਆਪਣੀ ਰਿਪੋਰਟ ਰਾਹੁਲ ਗਾਂਧੀ ਦੇ ਦਫ਼ਤਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਨੂੰ ਪੰਜਾਬ ਕਾਂਗਰਸ ਦੇ ਭਵਿੱਖ ਅਤੇ ਸੰਗਠਨ ਦੀ ਦਿਸ਼ਾ ਤੈਅ ਕਰਨ ਦੇ ਲਿਹਾਜ਼ ਨਾਲ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਭੂਪੇਸ਼ ਬਘੇਲ ਨੇ ਆਪਣੇ ਦੌਰੇ ਦੌਰਾਨ ਪਾਰਟੀ ਆਗੂਆਂ, ਵਿਧਾਇਕਾਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਸੰਗਠਨ ਦੀ ਸਥਿਤੀ ਦਾ ਮੁਲਾਂਕਣ ਕੀਤਾ ਸੀ। ਉਨ੍ਹਾਂ ਦੀ ਰਿਪੋਰਟ ਵਿਚ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਮਤਭੇਦਾਂ, ਸੰਗਠਨਾਤਮਕ ਚੁਣੌਤੀਆਂ ਅਤੇ ਆਗਾਮੀ ਸਿਆਸੀ ਰਣਨੀਤੀ ਨਾਲ ਜੁੜੇ ਕਈ ਮਹੱਤਵਪੂਰਨ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ। ਹੁਣ ਇਸ ਰਿਪੋਰਟ ਦੇ ਆਧਾਰ ‘ਤੇ ਰਾਹੁਲ ਗਾਂਧੀ ਪੰਜਾਬ ਕਾਂਗਰਸ ਵਿਚ ਚੱਲ ਰਹੇ ਵਿਵਾਦਾਂ ਅਤੇ ਧੜੇਬਾਜ਼ੀ ਨੂੰ ਖ਼ਤਮ ਕਰਨ ਲਈ ਅਗਲੀ ਰਣਨੀਤੀ ਤੈਅ ਕਰਨਗੇ।
ਦਿਲਚਸਪ ਗੱਲ ਇਹ ਹੈ ਕਿ ਪਾਰਟੀ ਲੀਡਰਸ਼ਿਪ ਨੇ ਪੰਜਾਬ ਕਾਂਗਰਸ ਦੀ ਅਸਲ ਸਥਿਤੀ ਦਾ ਸੁਤੰਤਰ ਮੁਲਾਂਕਣ ਕਰਨ ਲਈ 3 ਮੈਂਬਰੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਨੂੰ ਗੁਪਤ ਤਰੀਕੇ ਨਾਲ ਸੂਬੇ ਦੇ ਸਿਆਸੀ ਹਾਲਾਤ ਅਤੇ ਕਾਂਗਰਸ ਸੰਗਠਨ ਦੇ ਅੰਦਰ ਦੀ ਸਥਿਤੀ ਦੀ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਮੇਟੀ ਵੱਖ-ਵੱਖ ਆਗੂਆਂ, ਮੀਡੀਆ ਅਦਾਰਿਆਂ ਅਤੇ ਹੋਰ ਸਬੰਧਤ ਸਰੋਤਾਂ ਨਾਲ ਗੱਲਬਾਤ ਕਰ ਕੇ ਜ਼ਮੀਨੀ ਫੀਡਬੈਕ ਇਕੱਠੀ ਕਰ ਰਹੀ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਿਸੇ ਵੀ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਇਸ ਵਿਸ਼ੇਸ਼ ਕਮੇਟੀ ਦੀ ਰਿਪੋਰਟ ਦਾ ਵੀ ਗੰਭੀਰਤਾ ਨਾਲ ਅਧਿਐਨ ਕਰਨਗੇ। ਅਜਿਹੇ ਵਿਚ ਪੰਜਾਬ ਕਾਂਗਰਸ ਨੂੰ ਲੈ ਕੇ ਲਿਆ ਜਾਣ ਵਾਲਾ ਕੋਈ ਵੀ ਵੱਡਾ ਫ਼ੈਸਲਾ ਦੋਵਾਂ ਰਿਪੋਰਟਾਂ ਦੇ ਮੁਲਾਂਕਣ ਮਗਰੋਂ ਹੀ ਸਾਹਮਣੇ ਆਵੇਗਾ। ਇਹੀ ਕਾਰਨ ਹੈ ਕਿ ਫਿਲਹਾਲ ਸੰਗਠਨ ਵਿਚ ਸੰਭਾਵਿਤ ਬਦਲਾਅ ਜਾਂ ਲੀਡਰਸ਼ਿਪ ਸਬੰਧੀ ਫ਼ੈਸਲਿਆਂ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਹੈ। ਕਾਂਗਰਸ ਲੀਡਰਸ਼ਿਪ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਇਕਾਈ ਵਿਚ ਇਕਜੁੱਟਤਾ ਕਾਇਮ ਕਰਨਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਪਾਰਟੀ ਸੰਗਠਨ ਵਿਚ ਬਦਲਾਅ ਕਰੇਗੀ ਜਾਂ ਫਿਰ ਆਗੂਆਂ ਨੂੰ ਅਨੁਸ਼ਾਸਨ ਦਾ ਸੰਦੇਸ਼ ਦੇ ਕੇ ਮੌਜੂਦਾ ਢਾਂਚੇ ਨੂੰ ਬਣਾਈ ਰੱਖੇਗੀ।
ਫਿਲਹਾਲ ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਨਜ਼ਰਾਂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ‘ਤੇ ਟਿਕੀਆਂ ਹੋਈਆਂ ਹਨ। ਸੰਭਾਵਿਤ ਫ਼ੈਸਲਿਆਂ ਨੂੰ ਲੈ ਕੇ ਆਗੂਆਂ ‘ਚ ਬੇਚੈਨੀ ਵੇਖੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਬਹੁਤੇ ਆਗੂ ਸੋਸ਼ਲ ਮੀਡੀਆ ਅਤੇ ਜਨਤਕ ਮੰਚਾਂ ‘ਤੇ ਬਿਆਨਬਾਜ਼ੀ ਤੋਂ ਬਚਦੇ ਨਜ਼ਰ ਆ ਰਹੇ ਹਨ। ਹੁਣ ਸਾਰਿਆਂ ਨੂੰ ਕਾਂਗਰਸ ਹਾਈਕਮਾਂਡ ਦੇ ਅੰਤਿਮ ਫ਼ੈਸਲੇ ਦੀ ਉਡੀਕ ਹੈ, ਜੋ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਦਿਸ਼ਾ ਤੈਅ ਕਰ ਸਕਦਾ ਹੈ।