#INDIA

ਨਿਊਯਾਰਕ-ਦਿੱਲੀ ਉਡਾਣ ‘ਚ ਵਾਪਰੀ ਪਿਸ਼ਾਬ ਕਰਨ ਦੀ ਘਟਨਾ ‘ਤੇ ਦਿੱਲੀ ਪੁਲਿਸ ਵੱਲੋਂ ਕੇਸ ਦਰਜ

– ਅਮੈਰੀਕਨ ਏਅਰਲਾਈਨਜ਼ ਦੀ ਉਡਾਣ ‘ਚ ਭਾਰਤੀ ਵਿਦਿਆਰਥੀ ਨੇ ਸ਼ਰਾਬੀ ਹਾਲਤ ‘ਚ ਨੀਂਦ ਵਿਚ ਕੀਤਾ ਪਿਸ਼ਾਬ
ਨਵੀਂ ਦਿੱਲੀ, 6 ਮਾਰਚ (ਪੰਜਾਬ ਮੇਲ)- ਅਮੈਰੀਕਨ ਏਅਰਲਾਈਨਜ਼ ‘ਚ ਸਵਾਰ ਇਕ ਭਾਰਤੀ ਵਿਦਿਆਰਥੀ ਨੇ ਸ਼ਰਾਬੀ ਹਾਲਤ ‘ਚ ਕਥਿਤ ਤੌਰ ‘ਤੇ ਨੀਂਦ ਵਿਚ ਆਪਣੀ ਸੀਟ ਉਤੇ ਹੀ ਪਿਸ਼ਾਬ ਕਰ ਦਿੱਤਾ ਤੇ ਨਾਲ ਬੈਠੇ ਪੁਰਸ਼ ਸਹਿ-ਯਾਤਰੀ ਦੇ ਕੱਪੜੇ ਖਰਾਬ ਕਰ ਦਿੱਤੇ। ਦਿੱਲੀ ਪੁਲਿਸ ਨੇ ਏਅਰਲਾਈਨਜ਼ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ। ਏਅਰਲਾਈਨ ਨੇ ਇਸ ਮਾਮਲੇ ਵਿਚ ਡੀ.ਜੀ.ਸੀ.ਏ. ਨੂੰ ਰਿਪੋਰਟ ਸੌਂਪ ਦਿੱਤੀ ਹੈ। ਡੀ.ਜੀ.ਸੀ.ਏ. ਨੇ ਦੱਸਿਆ ਕਿ ਏਅਰਲਾਈਨ ਨੇ ਇਸ ਮਾਮਲੇ ਨਾਲ ਪੇਸ਼ੇਵਰ ਢੰਗ ਨਾਲ ਨਜਿੱਠਿਆ ਹੈ ਤੇ ਸਾਰੀ ਢੁੱਕਵੀਂ ਕਾਰਵਾਈ ਕੀਤੀ ਹੈ। ਇਹ ਉਡਾਣ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਫਲਾਈਟ ਨੰਬਰ ਏ.ਏ. 292 ਸ਼ਨਿੱਚਰਵਾਰ ਰਾਤ 9.50 ‘ਤੇ ਦਿੱਲੀ ਹਵਾਈ ਅੱਡੇ ‘ਤੇ ਉਤਰੀ ਸੀ। ਏਅਰਲਾਈਨ ਨੇ ਦੱਸਿਆ ਕਿ ਉਡਾਣ ਲੈਂਡ ਕਰਨ ਤੋਂ ਬਾਅਦ ਭਾਰਤ ‘ਚ ਸਥਾਨਕ ਕਾਨੂੰਨੀ ਇਕਾਈ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ ਕੰਪਨੀ ਨੇ ਹੋਰ ਜਾਣਕਾਰੀ ਨਹੀਂ ਦਿੱਤੀ। ਦਿੱਲੀ ਏਅਰਪੋਰਟ ਦੇ ਡੀ.ਸੀ.ਪੀ. ਦੇਵੇਸ਼ ਕੁਮਾਰ ਮਾਹਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਮੈਰੀਕਨ ਏਅਰਲਾਈਨਜ਼ ਤੋਂ ਸ਼ਿਕਾਇਤ ਮਿਲੀ ਹੈ ਕਿ ਇਕ ਵਿਅਕਤੀ ਨੇ ਉਡਾਣ ਦੌਰਾਨ ਪਿਸ਼ਾਬ ਕਰ ਕੇ ਸਹਿ-ਯਾਤਰੀ ਨੂੰ ਗੰਦਾ ਕਰ ਦਿੱਤਾ ਹੈ। ਪਿਸ਼ਾਬ ਕਰਨ ਵਾਲਾ ਵਿਅਕਤੀ ਅਮਰੀਕਾ ਵਿਚ ਵਿਦਿਆਰਥੀ ਹੈ। ਮੁਲਜ਼ਮ ਦਿੱਲੀ ਦੀ ਡਿਫੈਂਸ ਕਲੋਨੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਹਾਲਾਂਕਿ ਆਪਣੇ ਪਿਤਾ ਨਾਲ ਜਾਂਚ ਵਿਚ ਸ਼ਾਮਲ ਹੋ ਗਿਆ ਹੈ। ਉਸ ਨੂੰ ਪੁੱਛਗਿੱਛ ਤੋਂ ਬਾਅਦ ਫ਼ਿਲਹਾਲ ਛੱਡ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਏਅਰਪੋਰਟ ਦੇ ਇਕ ਸੂਤਰ ਨੇ ਦੱਸਿਆ ਕਿ ਮੁਲਜ਼ਮ ਅਮਰੀਕੀ ਯੂਨੀਵਰਸਿਟੀ ਵਿਚ ਵਿਦਿਆਰਥੀ ਹੈ ਤੇ ਉਸ ਨੇ ਨਸ਼ੇ ਦੀ ਹਾਲਤ ਵਿਚ ਨੀਂਦ ਵਿਚ ਪਿਸ਼ਾਬ ਕਰ ਦਿੱਤਾ। ਉਨ੍ਹਾਂ ਕਿਹਾ, ‘ਪਿਸ਼ਾਬ ਕਿਸੇ ਤਰ੍ਹਾਂ ਲੀਕ ਹੋ ਗਿਆ ਤੇ ਨਾਲ ਬੈਠੇ ਯਾਤਰੀ ਤੱਕ ਪਹੁੰਚ ਗਿਆ, ਉਸ ਨੇ ਇਸ ਦੀ ਸ਼ਿਕਾਇਤ ਫਲਾਈਟ ਸਟਾਫ਼ ਨੂੰ ਕੀਤੀ।’ ਇਕ ਸੂਤਰ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਮਗਰੋਂ ਮੁਆਫ਼ੀ ਮੰਗਣ ‘ਤੇ ਸ਼ਿਕਾਇਤ ਕਰਨ ਵਾਲੇ ਯਾਤਰੀ ਨੇ ਇਹ ਮਾਮਲਾ ਪੁਲਿਸ ਕੋਲ ਨਾ ਲਿਜਾਣ ਦੀ ਗੱਲ ਕੀਤੀ ਸੀ ਕਿਉਂਕਿ ਇਸ ਨਾਲ ਵਿਦਿਆਰਥੀ ਦਾ ਕਰੀਅਰ ਖ਼ਤਰੇ ਵਿਚ ਪੈ ਸਕਦਾ ਹੈ। ਹਾਲਾਂਕਿ ਏਅਰਲਾਈਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਹਵਾਈ ਅੱਡੇ ਉਤੇ ਏਅਰ ਟਰੈਫਿਕ ਕੰਟਰੋਲ ਨੂੰ ਜਾਣਕਾਰੀ ਦੇ ਦਿੱਤੀ।

Leave a comment