#PUNJAB

ਡਾ. ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਡਿਜੀਟਲ ਸਬੂਤਾਂ ਦੇ ਜਾਲ ‘ਚ ਫਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ

ਪੁਲਿਸ ਵੱਲੋਂ ਅਦਾਲਤ ‘ਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ; 50 ਤੋਂ ਵੱਧ ਗਵਾਹ ਹੋਣਗੇ ਪੇਸ਼
ਅੰਮ੍ਰਿਤਸਰ, 25 ਮਈ (ਪੰਜਾਬ ਮੇਲ)- ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀ.ਐੱਮ.) ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਵਿਚ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇੱਕ ਅਜਿਹਾ ਜਾਲ ਤਿਆਰ ਹੋ ਚੁੱਕਾ ਹੈ, ਜੋ ਇਸ ਕੇਸ ਵਿਚ ਸਰਕਾਰੀ ਪੱਖ ਦੀ ਰੀੜ੍ਹ ਦੀ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ਼ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ‘ਤੇ ਨਿਰਭਰ ਨਹੀਂ ਹੈ। ਪੁਲਿਸ ਵੱਲੋਂ ਹਫ਼ਤਿਆਂ ਦੀ ਮੁਸ਼ੱਕਤ ਤੋਂ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾ. ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਹਨ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਬਰਾਮਦ ਕਰ ਲਈ ਹੈ, ਜੋ 13 ਮਾਰਚ ਨੂੰ ਭੁੱਲਰ ਵੱਲੋਂ ਰੰਧਾਵਾ ਨੂੰ ਵਾਰ-ਵਾਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ।
ਰਣਜੀਤ ਐਵੇਨਿਊ ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਪ੍ਰੀਤ ਕੌਰ ਦੀ ਅਦਾਲਤ ਵਿਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ (ਪੀ.ਏ.) ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਕੇਸ ਵਿਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ, ਜਿਨ੍ਹਾਂ ਵਿਚ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਹਨ, ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾ. ਰੰਧਾਵਾ ‘ਤੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਪਿਤਾ ਨੂੰ ਵੇਅਰਹਾਊਸ ਦਾ ਠੇਕਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ ਅਤੇ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਜ਼ਲੀਲ ਤੇ ਡਰਾਇਆ-ਧਮਕਾਇਆ ਗਿਆ।
ਇਸ ਕੇਸ ਵਿਚ ਸਭ ਤੋਂ ਅਹਿਮ ਸਬੂਤ ਦੋ ਵੀਡੀਓਜ਼ ਹਨ। ਪਹਿਲੀ 12 ਸੈਕਿੰਡ ਦੀ ਉਹ ਖ਼ੌਫ਼ਨਾਕ ਵੀਡੀਓ ਹੈ, ਜੋ ਡਾ. ਰੰਧਾਵਾ ਨੇ ਸਲਫ਼ਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਆਪਣੇ ਮੋਬਾਈਲ ‘ਤੇ ਰਿਕਾਰਡ ਕੀਤੀ ਸੀ। ਦੂਜੀ ਵੀਡੀਓ, ਜੋ ਇਸ ਵੇਲੇ ਫੋਰੈਂਸਿਕ ਜਾਂਚ ਅਧੀਨ ਹੈ, ਕਥਿਤ ਤੌਰ ‘ਤੇ ਲਾਲਜੀਤ ਭੁੱਲਰ ਦੇ ਘਰ-ਕਮ-ਦਫ਼ਤਰ ਵਿਖੇ ਪਿਸਤੌਲ ਦੀ ਨੋਕ ‘ਤੇ ਬਣਵਾਈ ਗਈ ਸੀ, ਜਿਸ ਵਿਚ ਡਾ. ਰੰਧਾਵਾ ਨੂੰ ਦੂਜੀ ਧਿਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਸਰਹਾਲੀ ਟੋਲ ਪਲਾਜ਼ਾ ਦੀ ਸੀ.ਸੀ.ਟੀ.ਵੀ. ਫੁਟੇਜ ਅਤੇ ਮੋਬਾਈਲ ਟਾਵਰ ਡੰਪ ਲੋਕੇਸ਼ਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਹੈ ਕਿ 13 ਮਾਰਚ ਨੂੰ ਡਾ. ਰੰਧਾਵਾ, ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ, ਪੀ.ਏ. ਦਿਲਬਾਗ ਅਤੇ ਇੱਕ ਹੋਰ ਅਧਿਕਾਰੀ ਹਰਪ੍ਰੀਤ ਸਿੰਘ ਸਾਰੇ ਇੱਕੋ ਜਗ੍ਹਾ ਮੌਜੂਦ ਸਨ।