ਐੱਨ.ਸੀ.ਆਰ.ਬੀ. ਦੀ ਰਿਪੋਰਟ ‘ਚ ਖੁਲਾਸਾ
ਚੰਡੀਗੜ੍ਹ, 22 ਜੂਨ (ਪੰਜਾਬ ਮੇਲ)- ਨੈਸ਼ਨਲ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਸਾਲ 2024 ਦੀ ਤਾਜ਼ਾ ਰਿਪੋਰਟ ਨੇ ਹਰ ਇਕ ਪੰਜਾਬੀ ਦੇ ਹੋਸ਼ ਉਡਾ ਦਿੱਤੇ ਹਨ। ਇਸ ਰਿਪੋਰਟ ਮੁਤਾਬਕ ਨਸ਼ੀਲੇ ਪਦਾਰਥਾਂ ਦੇ ਜ਼ਿਆਦਾ ਇਸਤੇਮਾਲ ਅਤੇ ਡਰੱਗ ਓਵਰਡੋਜ਼ ਕਾਰਨ ਮਰਨ ਵਾਲਿਆਂ ਦੇ ਮਾਮਲੇ ‘ਚ ਪੰਜਾਬ ਪੂਰੇ ਦੇਸ਼ ‘ਚੋਂ ਦੂਜੇ ਨੰਬਰ ‘ਤੇ ਹੈ। ਇਸ ਰਿਪੋਰਟ ‘ਚ ਪੰਜਾਬ ਦੀ ਬੇਹੱਦ ਡਰਾਉਣੀ ਅਤੇ ਸਮਾਜਿਕ ਤਾਣੇ-ਬਾਣੇ ਨੂੰ ਝੰਜੋੜਨ ਵਾਲੀ ਗੱਲ ਸਾਹਮਣੇ ਆਈ ਹੈ।
ਅੰਕੜਿਆਂ ਮੁਤਾਬਕ ਡਰੱਗ ਓਵਰਡੋਜ਼ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਤਾਮਿਲਨਾਡੂ 313 ਮੌਤਾਂ ਨਾਲ ਪਹਿਲੇ ਨੰਬਰ ‘ਤੇ ਹੈ। ਉੱਥੇ ਹੀ ਪੰਜਾਬ 106 ਮੌਤਾਂ ਨਾਲ ਦੇਸ਼ ‘ਚ ਦੂਜੇ ਨੰਬਰ ‘ਤੇ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚਿੱਟੇ ਅਤੇ ਸਿੰਥੈਟਿਕ ਨਸ਼ੀਲੇ ਪਦਾਰਥਾਂ ਦਾ ਵੱਧਦਾ ਚਲਨ ਨੌਜਵਾਨਾਂ ਨੂੰ ਤੇਜ਼ੀ ਨਾਲ ਮੌਤ ਦੇ ਮੂੰਹ ਵੱਲ ਲਿਜਾ ਰਿਹਾ ਹੈ।
ਆਬਾਦੀ ਦੇ ਅਨੁਪਾਤ ਅਤੇ ਭੂਗੋਲਿਕ ਆਕਾਰ ਦੇ ਲਿਹਾਜ਼ ਨਾਲ ਪੰਜਾਬ ਦਾ ਇਹ ਅੰਕੜਾ ਬੇਹੱਦ ਡਰਾਉਣਾ ਹੈ। ਇਸ ਰਿਪੋਰਟ ਦੇ ਮੁਤਾਬਕ ਤਾਮਿਲਨਾਡੂ ਅਤੇ ਪੰਜਾਬ ਤੋਂ ਬਾਅਦ ਤੀਜਾ ਨੰਬਰ ਰਾਜਸਥਾਨ ਦਾ ਹੈ, ਜਿੱਥੇ 93 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਕਰਨਾਟਕ ‘ਚ ਮੌਤਾਂ ਦਾ ਇਹ ਅੰਕੜਾ 88 ਅਤੇ ਹਰਿਆਣਾ ‘ਚ 42 ਹੈ।
ਡਰੱਗ ਓਵਰਡੋਜ਼ ਕਾਰਨ ਮਰਨ ਵਾਲਿਆਂ ਦੇ ਮਾਮਲੇ ‘ਚ ਪੰਜਾਬ ਪੂਰੇ ਦੇਸ਼ ‘ਚੋਂ ਦੂਜੇ ਨੰਬਰ ‘ਤੇ!

