#AMERICA

ਟੈਕਸਸ ‘ਚ ਮੋਟਰ ਸਾਈਕਲ ਗਿਰੋਹ ਹਿੰਸਾ ‘ਚ ਇਕ ਦੀ ਮੌਤ

ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਸ ਹਾਈਵੇਅ ਉਪਰ ਗੈਰ ਕਾਨੂੰਨੀ ਮੋਟਰ ਸਾਈਕਲ ਗਿਰੋਹ ਮੈਂਬਰਾਂ ਵੱਲੋਂ ਕੀਤੀ ਫਾਇਰਿੰਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਪ੍ਰਗਟਾਵਾ ਮੌਂਟਗੋਮਰੀ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਲਾਅ ਇਨਫੋਰਸਮੈਂਟ ਏਜੰਸੀ ਅਨੁਸਾਰ ਇੰਟਰਸਟੇਟ 45 ਉਪਰ ਇਕ 32 ਸਾਲਾ ਵਿਅਕਤੀ ਨੂੰ ਗੋਲੀ ਮਾਰੀ ਗਈ, ਜਿਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਸ ਘਟਨਾ ਵਿਚ ਸ਼ਾਮਲ ਲੋਕਾਂ ਦਾ ਸਬੰਧ ਗੈਰ ਕਾਨੂੰਨੀ ਮੋਟਰਸਾਈਕਲ ਗਿਰੋਹਾਂ ਨਾਲ ਹੋ ਸਕਦਾ ਹੈ। ਬਿਆਨ ਵਿਚ ਇਕ ਹੋਰ ਮੋਟਰ ਸਾਈਕਲ ਗਿਰੋਹ ਵੱਲੋਂ ਕੀਤੀ ਵਾਕਰ ਕਾਊਂਟੀ ਵਿਚ ਅਜਿਹੀ ਹੀ ਇਕ ਹੋਰ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਸ਼ੈਰਿਫ ਦਫਤਰ ਅਨੁਸਾਰ ਏਜੰਸੀਆਂ ਇਨ੍ਹਾਂ ਦੋਨਾਂ ਘਟਨਾਵਾਂ ਵਿਚਾਲੇ ਕੋਈ ਸਬੰਧ ਹੋਣ ਦੀ ਜਾਂਚ ਕਰ ਰਹੀਆਂ ਹਨ। ਬਿਆਨ ਅਨੁਸਾਰ ਇਹ ਘਟਨਾਵਾਂ ਗਿਰੋਹਾਂ ਨਾਲ ਸਬੰਧਤ ਹਨ ਤੇ ਵਿਸ਼ਵਾਸ ਹੈ ਕਿ ਆਮ ਜਨਤਾ ਨੂੰ ਇਸ ਸਮੇਂ ਕੋਈ ਖਤਰਾ ਨਹੀਂ ਹੈ।

Leave a comment