ਵਾਸ਼ਿੰਗਟਨ ਡੀ.ਸੀ., 6 ਮਈ (ਪੰਜਾਬ ਮੇਲ)- ਅਮਰੀਕਾ ਵਿਚ ਇਮੀਗ੍ਰੇਸ਼ਨ ਨੀਤੀਆਂ ‘ਚ ਇੱਕ ਮਹੱਤਵਪੂਰਨ ਮੋੜ ਆਇਆ ਹੈ, ਜਿੱਥੇ ਟਰੰਪ ਪ੍ਰਸ਼ਾਸਨ ਨੇ ਆਪਣੇ ਹੀ ਸਖ਼ਤ ਇਮੀਗ੍ਰੇਸ਼ਨ ਸੰਬੰਧੀ ਕਾਰਜਕਾਰੀ ਹੁਕਮ ਨੂੰ ਚੁੱਪਚਾਪ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹੁਣ ਵਿਦੇਸ਼ ਵਿਚ ਟ੍ਰੇਨਿੰਗ ਪ੍ਰਾਪਤ ਡਾਕਟਰਾਂ ਲਈ ਵੀਜ਼ਾ ਪ੍ਰੋਸੈਸਿੰਗ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਕਈ ਮਹੀਨਿਆਂ ਤੋਂ ਫਸੇ ਹੋਏ ਹਜ਼ਾਰਾਂ ਅਰਜ਼ੀਕਾਰਾਂ ਨੂੰ ਰਾਹਤ ਮਿਲੇਗੀ।
ਇਹ ਤਬਦੀਲੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਆਈ ਹੈ, ਜਿਸ ਨਾਲ ਪਹਿਲਾਂ ਲਗਾਈ ਗਈ ਵਿਆਪਕ ਟਰੈਵਲ ਪਾਬੰਦੀ ‘ਚ ਸੋਧ ਕੀਤੀ ਗਈ। ਇਸ ਪਾਬੰਦੀ ਕਾਰਨ 39 ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਐਕਸਟੈਂਸ਼ਨ, ਵਰਕ ਪਰਮਿਟ ਅਤੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਲਗਭਗ ਰੁੱਕ ਗਈ ਸੀ।
ਇਹ ਪਾਬੰਦੀਆਂ 16 ਦਸੰਬਰ, 2025 ਨੂੰ ਜਾਰੀ ਕੀਤੇ ਗਏ ਪ੍ਰੈਜ਼ੀਡੈਂਸ਼ਲ ਪ੍ਰੋਕਲੇਮੇਸ਼ਨ ਤੋਂ ਬਾਅਦ 1 ਜਨਵਰੀ 2026 ਤੋਂ ਲਾਗੂ ਹੋਈਆਂ ਸਨ, ਜਿਨ੍ਹਾਂ ਨੇ ਪਹਿਲਾਂ ਤੋਂ ਲਾਗੂ 19 ਦੇਸ਼ਾਂ ਵਾਲੀ ਸੂਚੀ ਨੂੰ ਹੋਰ ਵਧਾ ਦਿੱਤਾ ਸੀ। ਹਾਲਾਂਕਿ ਜੋ ਲੋਕ ਪਹਿਲਾਂ ਹੀ ਅਮਰੀਕਾ ਵਿਚ ਸਨ, ਉਨ੍ਹਾਂ ਨੂੰ ਤੁਰੰਤ ਦੇਸ਼ ਛੱਡਣ ਲਈ ਨਹੀਂ ਕਿਹਾ ਗਿਆ, ਪਰ ਉਨ੍ਹਾਂ ਦੀਆਂ ਵੀਜ਼ਾ ਅਤੇ ਸਟੇਟਸ ਅਪਡੇਟ ਅਰਜ਼ੀਆਂ ਅਣਮਿੱਥੇ ਸਮੇਂ ਲਈ ਅਟਕ ਗਈਆਂ।
ਹੁਣ USCIS ਨੇ ਆਪਣੀ ਗਾਈਡਲਾਈਨ ਅਪਡੇਟ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਡਾਕਟਰਾਂ ‘ਤੇ ਇਹ ਪ੍ਰੋਸੈਸਿੰਗ ਸੰਬੰਧੀ ਕਾਰਜਕਾਰੀ ਹੁਕਮ ਲਾਗੂ ਨਹੀਂ ਰਹੇਗਾ। ਇਸ ਨਾਲ ਵਿਦੇਸ਼ੀ ਡਾਕਟਰਾਂ ਲਈ ਅਮਰੀਕੀ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਕੰਮ ਕਰਨ ਲਈ ਵੀਜ਼ਾ ਪ੍ਰਾਪਤ ਕਰਨ ਜਾਂ ਰਿਨਿਊ ਕਰਨ ਦਾ ਰਾਹ ਮੁੜ ਖੁੱਲ ਗਿਆ ਹੈ।
ਮੈਡੀਕਲ ਖੇਤਰ ਵਿਚ ਇਸ ਫੈਸਲੇ ਦਾ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਅਮਰੀਕਾ ਵਿਚ ਡਾਕਟਰਾਂ ਦੀ ਘਾਟ ਪਹਿਲਾਂ ਹੀ ਇੱਕ ਗੰਭੀਰ ਮੁੱਦਾ ਹੈ। ਰਿਪੋਰਟਾਂ ਮੁਤਾਬਕ ਲਗਭਗ 25 ਫੀਸਦੀ ਲਾਇਸੰਸਸ਼ੁਦਾ ਡਾਕਟਰ ਵਿਦੇਸ਼ੀ ਟ੍ਰੇਨਿੰਗ ਵਾਲੇ ਹਨ। ਇਸ ਤੋਂ ਇਲਾਵਾ 64 ਫੀਸਦੀ ਐਸੇ ਡਾਕਟਰ ਪਿੰਡਾਂ ਜਾਂ ਅਜਿਹੇ ਇਲਾਕਿਆਂ ਵਿਚ ਸੇਵਾ ਦੇ ਰਹੇ ਹਨ, ਜਿੱਥੇ ਡਾਕਟਰਾਂ ਦੀ ਕਮੀ ਬਹੁਤ ਜ਼ਿਆਦਾ ਹੈ।
ਮੈਡੀਕਲ ਸੰਗਠਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਵੀਜ਼ਾ ਪ੍ਰਕਿਰਿਆ ਲੰਬੇ ਸਮੇਂ ਲਈ ਰੁਕੀ ਰਹੀ, ਤਾਂ ਇਸ ਨਾਲ ਸਿਹਤ ਸੇਵਾਵਾਂ ‘ਤੇ ਭਾਰੀ ਦਬਾਅ ਪੈ ਸਕਦਾ ਹੈ, ਖਾਸ ਕਰਕੇ ਪਿੰਡਾਂ ਅਤੇ ਘੱਟ ਆਮਦਨੀ ਵਾਲੇ ਇਲਾਕਿਆਂ ਵਿਚ। ਅੰਦਾਜ਼ਾ ਹੈ ਕਿ ਲਗਭਗ 2.1 ਕਰੋੜ ਅਮਰੀਕੀ ਅਜਿਹੀਆਂ ਕਮਿਊਨਿਟੀਆਂ ਵਿਚ ਰਹਿੰਦੇ ਹਨ, ਜਿੱਥੇ ਵਿਦੇਸ਼ੀ ਡਾਕਟਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਇਸ ਤਾਜ਼ਾ ਫੈਸਲੇ ਨਾਲ ਸਿਹਤ ਖੇਤਰ ਨੂੰ ਕੁਝ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਵੱਡੀ ਇਮੀਗ੍ਰੇਸ਼ਨ ਨੀਤੀ ‘ਚ ਅਨਿਸ਼ਚਿਤਤਾ ਹਾਲੇ ਵੀ ਕਾਇਮ ਹੈ।
ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਡਾਕਟਰਾਂ ਲਈ ਇਮੀਗ੍ਰੇਸ਼ਨ ਸੰਬੰਧੀ ਕਾਰਜਕਾਰੀ ਹੁਕਮ ਲਿਆ ਵਾਪਸ

