#PUNJAB

ਜੰਮੂ-ਕਸ਼ਮੀਰ ਦੇ ਪੁਣਛ ‘ਚ ਸ਼ਹੀਦ ਹੋਏ ਹੌਲਦਾਰ ਮਨਦੀਪ ਸਿੰਘ, ਗੁਰਸੇਵਕ ਸਿੰਘ, ਹਰਕ੍ਰਿਸ਼ਨ ਸਿੰਘ ਤੇ ਕੁਲਵੰਤ ਸਿੰਘ ਦਾ ਸਰਕਾਰੀ ਤੇ ਫ਼ੌਜੀ ਸਨਮਾਨ ਨਾਲ ਸਸਕਾਰ

ਪਾਇਲ, 22 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਪੁਣਛ ‘ਚ ਦਹਿਸ਼ਤਗਰਦਾਂ ਦੇ ਹਮਲੇ ਵਿਚ ਸ਼ਹੀਦ ਹੋਏ ਹਲਕਾ ਪਾਇਲ ਦੇ ਪਿੰਡ ਚਣਕੋਈਆਂ ਕਲਾਂ ਦੇ ਹੌਲਦਾਰ ਮਨਦੀਪ ਸਿੰਘ ਪੁੱਤਰ  ਸਾਬਕਾ ਸਰਪੰਚ ਰੂਪ ਸਿੰਘ ਦਾ ਸਸਕਾਰ ਸਰਕਾਰੀ ਤੇ ਫ਼ੌਜੀ ਸਨਮਾਨ ਨਾਲ ਪਿੰਡ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਵਿਦਾਇਗੀ ਸਮੇਂ ਫੌਜ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਸ਼ਹੀਦ ਮਨਦੀਪ ਸਿੰਘ ਨੂੰ ਫੌਜ ਦੇ ਕਮਾਂਡੈਟ ਜਨਰਲ ਮਨੋਜ ਪਾਂਡੇ, ਲੈਫਟੀਨੈਂਟ ਜਨਰਲ ਦਵਿੰਦਰਾ ਸ਼ਰਮਾ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਐੱਸਐਸਪੀ ਖੰਨਾ ਅਮਨੀਤ ਕੌਂਡਲ, ਐੱਸਡੀਐਮ ਪਾਇਲ ਜਸਲੀਨ ਕੌਰ ਭੁੱਲਰ ਤੋਂ ਇਲਾਵਾ ਸੰਤ ਮਹਾਂਪੁਰਸ਼ਾਂ ਵੱਲੋਂ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ। ਅੰਤਿਮ ਸੰਸਕਾਰ ਕਰਨ ਸਮੇਂ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਚਿਖਾ ਨੂੰ ਅਗਨੀ ਭੇਟ ਕਰਨ ਦੀ ਰਸਮ ਸ਼ਹੀਦ ਦੇ ਪੁੱਤਰ ਕਰਨਦੀਪ ਸਿੰਘ ਵੱਲੋਂ ਅਦਾ ਕੀਤੀ ਗਈ ਅਤੇ ਬੱਚੇ ਨੇ ਬੜੇ ਹੋਸਲੇ ਨਾਲ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰੇਗਾ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼ਹੀਦ ਦੀ ਸਹਾਦਤ ਨੂੰ ਪ੍ਰਣਾਮ ਕੀਤਾ। ਸ਼ਹੀਦ ਦੇ ਸਸਕਾਰ ਸਮੇਂ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ, ਪੀਏਸੀ ਦੇ ਮੈਂਬਰ ਹਰਜੀਵਨਪਾਲ ਸਿੰਘ ਗਿੱਲ, ਗੁਰਦੀਪ ਸਿੰਘ ਕਾਲੀ, ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ, ਤਹਿਸੀਲਦਾਰ ਗੁਰਦੀਪ ਸਿੰਘ ਢਿੱਲੋਂ, ਡੀਐੱਸਪੀ ਗੁਰਮੀਤ ਸਿੰਘ, ਐੱਸਐਚਓ ਵਿਜੇ ਕੁਮਾਰ, ਐਕਸ ਸਰਵਿਸਮੈਨ ਵੈਲਫੇਅਰ ਤਾਲਮੇਲ ਕਮੇਟੀ ਲੁਧਿਆਣਾ ਦੇ ਨੁਮਾਇੰਦਿਆਂ ਤੋ ਇਲਾਵਾ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ।
ਰਾਮਾਂ ਮੰਡੀ – ਸ਼ਹੀਦ ਗੁਰਸੇਵਕ ਸਿੰਘ ਦੀ ਦੇਹ ਉਸ ਦੇ ਜੱਦੀ ਪਿੰਡ ਬਾਘਾ (ਰਾਮਾਂ ਮੰਡੀ) ਵਿਖੇ ਪਹੁੰਚੀ। ਜਵਾਨ ਦੀ ਦੇਹ ਤਿਰੰਗੇ ਝੰਡੇ ਵਿਚ ਲਿਪਟੀ ਸੈਨਾ ਦੇ ਟਰੱਕ ਵਿੱਚ ਜਦੋਂ ਪਿੰਡ ਪਹੁੰਚੀ ਤਾਂ ਉਸ ਵੇਲੇ ਮਾਹੋਲ ਪੂਰਾ ਗਮਗੀਨ ਹੋ ਗਿਆ। ਸ਼ਹੀਦ ਦੀ ਦੇਹ ਨੂੰ ਪੂਰੇ ਸੈਨਿਕ ਸਨਮਾਨਾਂ ਨਾਲ ਪਿੰਡ ਬਾਘਾ ਦੇ ਸ਼ਮਸ਼ਾਨ ਘਾਟ ਲਿਜਾਇਆ ਗਿਆ, ਜਿੱਥੇ ਉਸ ਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਲਾਮੀ ਦਿੱਤੀ ਗਈ।
ਪੰਜਾਬ ਸਰਕਾਰ ਵਲੋਂ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਹੀਦ ਸਿਪਾਹੀ ਸੇਵਕ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਇਲਾਵਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਅਤੇ ਫ਼ੌਜ ਤੇ ਪੁਲੀਸ ਪ੍ਰਸ਼ਾਸਨ ਵਲੋਂ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ ਗਈ। ਸ਼ਹੀਦ ਜਵਾਨ ਸੇਵਕ ਸਿੰਘ ਦੀ ਚਿਤਾ ਨੂੰ ਉਸ ਦੇ ਪਿਤਾ ਗੁਰਚਰਨ ਸਿੰਘ ਨੇ ਅਗਨੀ ਦਿੱਤੀ।
ਬਟਾਲਾ : ਪੁਣਛ ਵਿੱਚ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੀ 49 ਰਾਸ਼ਟਰੀ ਰਾਈਫਲਜ਼ ਦੇ ਜਵਾਨ ਸ਼ਹੀਦ ਹਰਕ੍ਰਿਸ਼ਨ ਸਿੰਘ ਦੀ ਤਿਰੰਗੇ ਝੰਡੇ ਵਿੱਚ ਲਿਪਟੀ ਮ੍ਰਿਤਕ ਦੇਹ ਅੱਜ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭਰਥਵਾਲ ਪਹੁੰਚੀ, ਜਿੱਥੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਤੇ ਫੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਦੀ ਮਾਂ ਅਤੇ ਪਤਨੀ ਨੇ ਅਰਥੀ ਨੂੰ ਮੋਢਾ ਦਿੱਤਾ ਅਤੇ ਸ਼ਮਸ਼ਾਨਘਾਟ ਵਿਚ ਸ਼ਹੀਦ ਦੇ ਪਿਤਾ ਮੰਗਲ ਸਿੰਘ ਨੇ ਸ਼ਹੀਦ ਨੂੰ ਅਗਨੀ ਭੇਟ ਕੀਤੀ।
ਇਸ ਦੌਰਾਨ ਸੈਨਾ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਮਾਤਮੀ ਧੁੰਨ ਵਜਾ ਕੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦ ਦੇ ਸਸਕਾਰ ਮੌਕੇ ਫੌਜ ਦੇ ਕਈ ਅਧਿਕਾਰੀ ਅਤੇ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ, ਐੱਸਡੀਐੱਮ ਸ਼ਾਇਰੀ ਭੰਡਾਰੀ, ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਸ਼ਹੀਦ ਦੇ ਪਰਿਵਾਰ ਨਾਲ ਫੋਨ ‘ਤੇ ਗੱਲ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ।
ਮੋਗਾ: ਪੁਣਛ ਇਲਾਕੇ ਵਿਚ ਸ਼ਹੀਦ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਨਿਵਾਸੀ ਸ਼ਹੀਦ ਕੁਲਵੰਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਚਿਖਾ ਨੂੰ ਅਗਨੀ ਸ਼ਹੀਦ ਦੇ ਦੋ ਮਹੀਨਿਆਂ ਦੇ ਬੇਟੇ ਨੇ ਦਿਖਾਈ। ਫ਼ੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਲਾਮੀ ਦੇਣ ਨਾਲ ਆਏ ਫ਼ੌਜੀ ਅਫ਼ਸਰਾਂ ਨੇ ਵੀ ਸ਼ਹੀਦ ਕੁਲਵੰਤ ਸਿੰਘ ਨੂੰ ਸਿਜਦਾ ਕੀਤਾ।

Leave a comment