#PUNJAB

ਜਾਪਾਨੀ ਹਵਾਈ ਫੌਜ ‘ਅਭਿਆਸ ਵੀਰ ਗਾਰਡੀਅਨ-2026’ ਲਈ ਪਹੁੰਚੇਗੀ ਜੋਧਪੁਰ!

ਭਾਰਤੀ ਧਰਤੀ ‘ਤੇ ਪਹਿਲੀ ਵਾਰ ਉੱਤਰੇਗਾ ਜਾਪਾਨੀ ‘ਲੜਾਕੂ ਜਹਾਜ਼ ਐੱਫ-2’
ਚੰਡੀਗੜ੍ਹ, 5 ਸਤੰਬਰ (ਪੰਜਾਬ ਮੇਲ)- ਭਾਰਤੀ ਧਰਤੀ ‘ਤੇ ਪਹਿਲੀ ਵਾਰ ਉੱਤਰਨ ਜਾ ਰਿਹਾ ਜਾਪਾਨੀ ਲੜਾਕੂ ਜਹਾਜ਼ ਮਿਤਸੂਬਿਸ਼ੀ ਐੱਫ-2 ਅਸਲ ਵਿਚ ਅਮਰੀਕੀ ਐੱਫ-16 ਦਾ ਹੀ ਇੱਕ ਉੱਨਤ ਰੂਪ ਹੈ। ਇਹ ਉਹੀ ਐੱਫ-16 ਲੜਾਕੂ ਜਹਾਜ਼ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਹਵਾਈ ਫੌਜ ਕਰਦੀ ਹੈ ਅਤੇ ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਅਤੀਤ ਵਿਚ ਕਈ ਵਾਰ ਇਸ ਦਾ ਸਾਹਮਣਾ ਕਰ ਚੁੱਕੀ ਹੈ। ਜਾਪਾਨੀ ਏਅਰ ਸੈਲਫ-ਡਿਫੈਂਸ ਫੋਰਸ (ਜੇ.ਏ.ਐੱਸ.ਡੀ.ਐੱਫ.) ਦੇ ਤਿੰਨ ਐੱਫ-2 ਲੜਾਕੂ ਜਹਾਜ਼ 9 ਤੋਂ 21 ਸਤੰਬਰ ਤੱਕ ਚੱਲਣ ਵਾਲੇ ਦੋ-ਪੱਖੀ ਹਵਾਈ ਅਭਿਆਸ ‘ਵੀਰ ਗਾਰਡੀਅਨ-2026’ ਵਿਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ।
ਅਭਿਆਸ ਦੀ ਸ਼ੁਰੂਆਤ ਵਜੋਂ, ਜਾਪਾਨੀ ਦਲ ਦੇ ਆਗਮਨ ਨੂੰ ਦਰਸਾਉਂਦੇ ਹੋਏ ਜੇ.ਏ.ਐੱਸ.ਡੀ.ਐੱਫ. ਦੇ ਦੋ ਸੀ-2 ਟਰਾਂਸਪੋਰਟ ਜਹਾਜ਼ 5 ਸਤੰਬਰ ਨੂੰ ਜੋਧਪੁਰ ਏਅਰ ਫੋਰਸ ਸਟੇਸ਼ਨ ‘ਤੇ ਉੱਤਰੇ। ਭਾਰਤੀ ਹਵਾਈ ਫੌਜ ਅਨੁਸਾਰ, ਇਹ ਸੰਯੁਕਤ ਅਭਿਆਸ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਵਿਚਕਾਰ ਤਾਲਮੇਲ, ਸੰਚਾਲਨ ਸਮਰੱਥਾ ਅਤੇ ਆਪਸੀ ਸਮਝ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਨਾਲ ਭਾਰਤ ਅਤੇ ਜਾਪਾਨ ਵਿਚਾਲੇ ਰਣਨੀਤਕ ਸਬੰਧ ਹੋਰ ਗੂੜ੍ਹੇ ਹੋਣਗੇ।
ਇਹ ਲੜਾਕੂ ਜਹਾਜ਼ ਜਾਪਾਨ ਦੇ ਦੱਖਣ-ਪੱਛਮ ਵਿਚ ਸਥਿਤ ਤਸੁਈਕੀ ਏਅਰ ਬੇਸ ਦੀ 8ਵੀਂ ਏਅਰ ਵਿੰਗ ਨਾਲ ਸਬੰਧਤ ਹਨ। ਇਸ ਏਅਰ ਬੇਸ ਦਾ ਇਤਿਹਾਸ ਅਕਤੂਬਰ 1942 ਦਾ ਹੈ, ਜਿਸ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਕੀਤੀ ਗਈ ਸੀ। ਫਲਾਈਟ ਇੰਟਰਨੈਸ਼ਨਲ ਦੀ ‘ਵਰਲਡ ਏਅਰ ਫੋਰਸਿਜ਼ – 2026’ ਦੀ ਰਿਪੋਰਟ ਅਨੁਸਾਰ ਜਾਪਾਨੀ ਹਵਾਈ ਫੌਜ ਕੋਲ ਇਸ ਵੇਲੇ 85 ਐੱਫ-2 ਮਲਟੀ-ਰੋਲ ਲੜਾਕੂ ਜਹਾਜ਼ ਹਨ। ਜਾਪਾਨ ਕੋਲ ਕੁੱਲ 320 ਲੜਾਕੂ ਜਹਾਜ਼ ਹਨ, ਜਿਨ੍ਹਾਂ ਵਿਚ ਅਮਰੀਕਾ ਨਿਰਮਿਤ ਐੱਫ-15 ਈਗਲ ਅਤੇ ਐੱਫ-35 ਲਾਈਟਨਿੰਗ ਵੀ ਸ਼ਾਮਲ ਹਨ, ਜਦਕਿ ਭਾਰਤੀ ਹਵਾਈ ਫੌਜ ਕੋਲ ਲਗਭਗ 600 ਲੜਾਕੂ ਜਹਾਜ਼ ਹਨ।
ਤਕਨੀਕੀ ਪੱਖੋਂ, ਐੱਫ-2 ਜਹਾਜ਼ ਜਨਰਲ ਡਾਇਨਾਮਿਕਸ ਐੱਫ-16 ਫਾਈਟਿੰਗ ਫਾਲਕਨ ਦਾ ਹੀ ਵਿਕਸਤ ਰੂਪ ਹੈ, ਜਿਸ ਨੂੰ ਜਾਪਾਨ ਦੀ ਮਿਤਸੂਬਿਸ਼ੀ ਹੈਵੀ ਇੰਡਸਟਰੀਜ਼ ਅਤੇ ਅਮਰੀਕਾ ਦੀ ਲਾਕਹੀਡ ਮਾਰਟਿਨ ਨੇ 60:40 ਦੇ ਸਾਂਝੇ ਹਿੱਸੇ ਨਾਲ ਤਿਆਰ ਕੀਤਾ ਹੈ। ‘ਵਾਈਪਰ ਜ਼ੀਰੋ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਸਿੰਗਲ-ਇੰਜਣ ਵਾਲੇ ਲੜਾਕੂ ਜਹਾਜ਼ ਦੀ ਵੱਧ ਤੋਂ ਵੱਧ ਰਫ਼ਤਾਰ ਮੈਕ 2 ਹੈ। ਇਹ ਜਹਾਜ਼ ਐੱਫ-16 ਨਾਲੋਂ ਆਕਾਰ ਵਿਚ 25 ਫੀਸਦੀ ਵੱਡਾ ਹੈ ਅਤੇ ਇਸ ਦੀ ਵਰਤੋਂ ਮੁੱਖ ਤੌਰ ‘ਤੇ ਸਮੁੰਦਰੀ ਹਮਲਿਆਂ ਅਤੇ ਤੱਟਵਰਤੀ ਸੁਰੱਖਿਆ ਲਈ ਕੀਤੀ ਜਾਂਦੀ ਹੈ।
ਦੂਜੇ ਪਾਸੇ, ਡਾਟਾ ਅਨੁਸਾਰ ਪਾਕਿਸਤਾਨ ਕੋਲ ਇਸ ਸਮੇਂ 44 ਐੱਫ-16 ਏ/ਸੀ ਸਿੰਗਲ-ਸੀਟਰ ਅਤੇ 31 ਬੀ/ਡੀ ਟਵਿਨ-ਸੀਟਰ ਜਹਾਜ਼ ਹਨ, ਜੋ ਉਸ ਦੇ ਕੁੱਲ ਲੜਾਕੂ ਬੇੜੇ ਦਾ 20 ਫੀਸਦੀ ਤੋਂ ਵੀ ਘੱਟ ਹਨ। ਪਾਕਿਸਤਾਨ ਦੇ ਇਹ ਜਹਾਜ਼ ਸਰਗੋਧਾ, ਭੋਲਾਰੀ ਅਤੇ ਜਾਕੋਬਾਬਾਦ ਏਅਰ ਬੇਸਾਂ ‘ਤੇ ਤਾਇਨਾਤ ਹਨ, ਜਿਨ੍ਹਾਂ ਨੂੰ 2025 ਦੇ ‘ਓਪਰੇਸ਼ਨ ਸਿੰਦੂਰ’ ਦੌਰਾਨ ਭਾਰਤੀ ਹਵਾਈ ਫੌਜ ਨੇ ਨਿਸ਼ਾਨਾ ਬਣਾਇਆ ਸੀ। ਇਸ ਤੋਂ ਪਹਿਲਾਂ 1999 ਦੇ ਕਾਰਗਿਲ ਯੁੱਧ ਅਤੇ 2019 ਦੇ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਵੀ ਭਾਰਤੀ ਪਾਇਲਟਾਂ ਦਾ ਪਾਕਿਸਤਾਨੀ ਐੱਫ-16 ਜਹਾਜ਼ਾਂ ਨਾਲ ਸਾਹਮਣਾ ਹੋ ਚੁੱਕਾ ਹੈ।