#PUNJAB

ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ’ਚ ਸੋਮਵਾਰ ਤੋਂ ਚੱਲਣਗੀਆਂ ਤੇਜ਼ ਹਵਾਵਾਂ

ਚੰਡੀਗੜ੍ਹ, 10 ਮਈ (ਪੰਜਾਬ ਮੇਲ)-   ਉੱਤਰ-ਪੱਛਮੀ ਭਾਰਤ ਵਿੱਚ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਕਾਰਨ ਭਾਰਤੀ ਮੌਸਮ ਵਿਭਾਗ (IMD) ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ  14 ਮਈ ਤੱਕ ਤੇਜ਼ ਹਵਾਵਾਂ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਪਗ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਦਾ ਅਨੁਮਾਨ ਹੈ। ਮੌਸਮ ਦਾ ਸਭ ਤੋਂ ਵੱਧ ਅਸਰ ਸੋਮਵਾਰ ਨੂੰ ਦੇਖਣ ਨੂੰ ਮਿਲੇਗਾ ਜਿਸ ਲਈ ਪੂਰੇ ਖੇਤਰ ਵਿੱਚ ‘ਓਰੈਂਜ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਆਉਣ ਵਾਲੇ ਹਫ਼ਤੇ ਦੇ ਅੰਤ ਵਿੱਚ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਅਨੁਸਾਰ ਇਹ ਤਬਦੀਲੀ ਵਾਯੂਮੰਡਲ ਵਿੱਚ ਬਣੀ ਪੱਛਮੀ ਗੜਬੜੀ ਅਤੇ ਰਾਜਸਥਾਨ ਦੇ ਇਲਾਕਿਆਂ ਉੱਤੇ ਬਣੇ ਚੱਕਰਵਾਤੀ ਹਵਾਵਾਂ ਕਾਰਨ ਹੋਈ ਹੈ। ਇਹ ਦੋਵੇਂ ਸਿਸਟਮ ਮੈਦਾਨੀ ਇਲਾਕਿਆਂ ਵਿੱਚ ਨਮੀ ਅਤੇ ਊਰਜਾ ਖਿੱਚ ਰਹੇ ਹਨ, ਜਿਸ ਨਾਲ ਪ੍ਰੀ-ਮੌਨਸੂਨ ਗਤੀਵਿਧੀਆਂ ਬਣ ਗਈਆਂ ਹਨ। ਐਤਵਾਰ ਨੂੰ ਪੰਜਾਬ ਵਿੱਚ ਪਹਿਲਾਂ ਹੀ ਓਰੈਂਜ ਅਲਰਟ ਰਿਹਾ, ਜਦਕਿ ਹਰਿਆਣਾ ਅਤੇ ਚੰਡੀਗੜ੍ਹ ਵਿੱਚ ‘ਯੈਲੋ ਅਲਰਟ’ ਦਿੱਤਾ ਗਿਆ ਸੀ। ਸੋਮਵਾਰ (11 ਮਈ) ਨੂੰ ਮੌਸਮ ਵਿਚ ਬਦਲਾਅ ਹੋਵੇਗਾ ਜਿਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ, ਦਰੱਖਤਾਂ ਹੇਠਾਂ ਨਾ ਖਡ੍ਹਨ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਰੋਕਣ ਦੀ ਚਿਤਾਵਨੀ ਦਿੱਤੀ ਗਈ ਹੈ। ਮੰਗਲਵਾਰ ਤੋਂ ਵੀਰਵਾਰ ਤੱਕ ਮੌਸਮ ਦੀ ਤੀਬਰਤਾ ਕੁਝ ਘਟ ਜਾਵੇਗੀ।