#AMERICA

ਕੈਲੀਫੋਰਨੀਆ ਦੀ ਹਜਾਰਾਂ ਏਕੜ  ਖੇਤੀਬਾੜੀ ਵਾਲੀ ਜਮੀਨ ਉਪਰ ਫਿਰ ਰਿਹਾ ਹੈ ਹੜ ਦਾ ਪਾਣੀ * ਬਰਫ ਪਿਘਲਣ ਕਾਰਨ ਸਮੱਸਿਆ ਹੋ ਜਾਵੇਗੀ ਹੋਰ ਗੰਭੀਰ

ਸੈਕਰਾਮੈਂਟੋ, ਕੈਲੀਫੋਰਨੀਆ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਰਦ ਰੁੱਤ ਦੌਰਾਨ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਮੌਸਮ ਦੇ ਬਦਲੇ ਮਿਜ਼ਾਜ ਨੇ ਹੋਰ ਲੋਕਾਂ ਦੇ ਨਾਲ- ਨਾਲ ਕਿਸਾਨਾਂ ਲਈ ਬੇਸ਼ੁਮਾਰ ਸਮੱਸਿਆਵਾਂ ਪੈਦ ਕੀਤੀਆਂ ਹਨ। ਪਿਛਲੇ ਸਮੇ ਵਿਚ ਮੋਹਲੇਧਾਰ ਪਈ ਬਾਰਿਸ਼ ਕਾਰਨ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਵਿਚ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ ਹੈ। ਜਿਥੋਂ ਤੱਕ ਨਜਰ ਜਾਂਦੀ ਹੈ ਪਾਣੀ ਹੀ ਪਾਣੀ ਵਿਖਾਈ ਦਿੰਦਾ ਹੈ। ਸੜਕਾਂ, ਫਸਲਾਂ, ਘਰ ਤੇ ਹੋਰ ਇਮਾਰਤਾਂ ਪਾਣੀ ਦੀ ਲਪੇਟ ਵਿਚ ਹਨ। ਇਕ ਨਦੀ ਜਿਸ ਦਾ ਵਜੂਦ ਦਹਾਕਾ ਪਹਿਲਾਂ ਖਤਮ ਹੋ ਗਿਆ ਸੀ , ਪੁਨਰ ਜੀਵਿਤ ਹੋ ਗਈ ਹੈ।  ਸੀਏਰਾ ਨੇਵਾਡਾ ਵਿਚ ਸਰਦ ਰੁੱਤ ਦੌਰਾਨ ਬਰਫ਼ ਦੇ ਲੱਗੇ ਢੇਰ ਸਥਿੱਤੀ ਨੂੰ ਹੋਰ ਮੁਸ਼ਕਿਲ ਬਣਾ ਦੇਣਗੇ। ਗਰਮੀਆਂ ਦੌਰਾਨ ਜਦੋਂ ਇਹ ਪਿਘਲਣਗੇ ਤਾਂ ਹੜ ਦਾ  ਆਕਾਰ ਵਧ ਕੇ ਤਿੰਨ ਗੁਣਾ ਹੋ ਜਾਵੇਗਾ। ਹੋਰ ਜ਼ਮੀਨ ਪਾਣੀ ਦੀ ਮਾਰ ਹੇਠ ਆ ਜਾਵੇਗੀ ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ”ਕਪਾਹ ਤੇ ਲੂਸਰਨ (ਅਲਫਾਲਫਾ) ਦੀ ਫਸਲ ਤਬਾਹ ਹੋ ਗਈ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ ਹੈ। ਇਥੋਂ ਕੈਲੀਫੋਰਨੀਆ ਦੇ ਉਪਰਲੇ ਤੇ ਹੇਠਲੇ ਖੇਤਰਾਂ ਵਿਚ ਅਨਾਜ਼ ਦੀ ਪੂਰਤੀ ਹੁੰਦੀ ਹੈ ਜੋ ਹੁਣ ਨਹੀਂ ਹੋਵੇਗੀ। ਇਹ ਬਹੁਤ ਭਿਆਨਕ ਦ੍ਰਿਸ਼ ਹੈ।” ਮਿਸੀਸਿੱਪੀ ਦੇ ਪੱਛਮ ਵਿਚ ਟੁਲੇਰ ਨਦੀ ਜੋ ਕਿਸੇ ਵੇਲੇ ਲੋਕਾਂ ਲਈ ਤਾਜ਼ੇ ਪਾਣੀ ਦਾ ਵੱਡਾ ਸਾਧਨ ਹੁੰਦੀ ਸੀ, ਸੁੱਕ ਗਈ ਸੀ ਤੇ ਲੋਕ ਉਥੇ ਫਸਲਾਂ ਉਗਾਉਂਦੇ ਸਨ, ਪੁਨਰ ਜੀਵਿਤ ਹੋ ਗਈ ਹੈ।

Leave a comment