#AMERICA

ਕੈਲੀਫੋਰਨੀਆ ‘ਚ ਸਿੱਖ ਮੋਟਰਸਾਈਕਲ ਦੇ ਡਰਾਈਵਰਾਂ ਨੂੰ ਹੈਲਮਟ ਤੋਂ ਛੋਟ ਦੇਣ ਲਈ ਸਟੇਟ ਸੈਨੇਟ ‘ਚ ਬਿੱਲ ਪੇਸ਼

ਸੈਕਰਾਮੈਂਟੋ, 3 ਮਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਮੋਟਰਸਾਈਕਲ ਸਵਾਰ ਸਿੱਖਾਂ ਨੂੰ ਹੈਲਮਟ ਤੋਂ ਰਾਹਤ ਦੇਣ ਲਈ ਉਪਰਾਲੇ ਸ਼ੁਰੂ ਹੋ ਗਏ ਹਨ। ਇਸ ਸੰਬੰਧੀ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਸਟੇਟ ਟਰਾਂਸਪੋਰਟੇਸ਼ਨ ਕਮੇਟੀ ਵਿਚ SB-847 ਬਿੱਲ ਪੇਸ਼ ਕੀਤਾ ਹੈ। ਇਸ ਲਈ ਬਰਾਇਨ ਡਾਹਲੀ ਨੇ ਕਮੇਟੀ ਸਾਹਮਣੇ SB-847 ਬਿੱਲ ਦੀ ਜ਼ਰੂਰਤ ਬਾਰੇ ਆਪਣਾ ਪੱਖ ਪੇਸ਼ ਕੀਤਾ ਅਤੇ ਦੱਸਿਆ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ। ਇਸ ਉਪਰੋਂ ਹੈਲਮਟ ਪਾਉਣਾ ਮੁਮਕਿਨ ਨਹੀਂ ਹੈ। ਉਸ ਨੇ ਦੱਸਿਆ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਇਹ ਤਾਂ ਹੀ ਮੁਮਕਿਨ ਹੋ ਸਕਦਾ ਹੈ, ਜੇ ਇਸ ਸੰਬੰਧੀ ਇਹ ਬਿੱਲ ਪਾਸ ਕੀਤਾ ਜਾਵੇ। ਇਸ ਮੌਕੇ ਸੈਲਮਾ ਸਿਟੀ ਦੇ ਪਲਾਨਿੰਗ ਕਮਿਸ਼ਨਰ ਮਨਦੀਪ ਸਿੰਘ ਨੇ ਵੀ ਸਿੱਖਾਂ ਦੀ ਪੱਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਮੇਟੀ ਨੂੰ ਅਪੀਲ ਕੀਤੀ ਕਿ ਇਸ ਬਿੱਲ ਨੂੰ ਪਾਸ ਕਰਾਉਣ ਲਈ ਅੱਗੇ ਭੇਜਿਆ ਜਾਵੇ, ਤਾਂਕਿ ਸਿੱਖ ਇਥੇ ਪੱਗ ਬੰਨ੍ਹ ਕੇ ਅਤੇ ਹੈਲਮਟ ਤੋਂ ਬਿਨਾਂ ਮੋਟਰਸਾਈਕਲ ਚਲਾ ਸਕਣ। ਇਸ ਤੋਂ ਇਲਾਵਾ ਕੁੱਝ ਹੋਰ ਸਿੱਖ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਟੇਟ ਟਰਾਂਸਪੋਰਟੇਸ਼ਨ ਕਮੇਟੀ, ਜਿਨ੍ਹਾਂ ਦੇ ਮੈਂਬਰ ਇਸ ਸੰਬੰਧੀ ਕਾਨੂੰਨ ਦੇ ਮਾਹਰ ਹਨ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਅਸੀਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਕਦਰ ਕਰਦੇ ਹਾਂ। ਜੇ ਕੈਲੀਫੋਰਨੀਆ ਦੀ ਸਟੇਟ ਸੈਨੇਟ ‘ਚ ਇਹ ਬਿੱਲ ਪਾਸ ਹੋ ਜਾਂਦਾ ਹੈ, ਕਾਨੂੰਨ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ, ਤਾਂ ਕੈਲੀਫੋਰਨੀਆ ਦਸਤਾਰ ਸਮੇਤ ਮੋਟਰਸਾਈਕਲ ਚਲਾਉਣ ਵਾਲਾ ਅਮਰੀਕਾ ਦੀ ਪਹਿਲੀ ਸਟੇਟ ਬਣ ਜਾਵੇਗਾ। ਇਸ ਬਿੱਲ ਨੂੰ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲਾਨਿੰਗ ਕਮਿਸ਼ਨਰ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਹੈ।
ਸਿੱਖ ਪਿਛਲੇ 100 ਸਾਲ ਤੋਂ ਵੱਧ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਪਰ ਸਿੱਖ ‘ਤੇ ਦਸਤਾਰ ਪਹਿਨੀ ਹੋਣ ਕਾਰਨ ਉਹ ਇਥੇ ਮੋਟਰਸਾਈਕਲ ਚਲਾਉਣ ਤੋਂ ਵਾਂਝੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਮੇਤ ਕੁੱਝ ਹੋਰ ਵੱਖ-ਵੱਖ ਦੇਸ਼ਾਂ ਵਿਚ ਵੀ ਸਿੱਖਾਂ ਨੂੰ ਦਸਤਾਰ ਨਾਲ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਚੁੱਕੀ ਹੈ।

 

 

Leave a comment