#Featured

ਕੈਲੀਫੋਰਨੀਆ ਅਸੈਂਬਲੀ ਵੱਲੋਂ ਨਵੰਬਰ 1984 ‘ਚ ਭਾਰਤ ਵਿਚ ਹੋਈ ਸਿੱਖ ਨਸਲਕੁਸ਼ੀ ਦੇ ਖਿਲਾਫ ਮਤਾ ਪਾਸ

ਸੈਕਰਾਮੈਂਟੋ, 12 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਭਾਰਤ ਵਿਚ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਕਰਾਰ ਦੇਣ ‘ਤੇ ਗਦਰੀ ਬਾਬਿਆਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੱਖ-ਵੱਖ ਸਿੱਖ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਇਸ ਮਤੇ ਨੂੰ ਅਸੈਂਬਲੀ ਵਿਚ ਪੇਸ਼ ਕਰਨ ਵਾਲੀ ਪਹਿਲੀ ਸਿੱਖ ਬੀਬੀ ਜਸਮੀਤ ਕੌਰ ਬੈਂਸ, ਅਸੈਂਬਲੀ ਮੈਂਬਰ ਕਾਰਲੋਸ ਵਿਲਾਪੁਡੁਆ, ਕਾਊਂਟੀ ਸੁਪਰਵਾਈਜ਼ਰ ਮਨਮੀਤ ਸਿੰਘ ਗਰੇਵਾਲ, ਐਲਕ ਗਰੋਵ ਸ਼ਹਿਰ ਦੀ ਮੇਅਰ ਬੌਬੀ ਸਿੰਘ ਐਲਨ, ਸਿੱਖ ਕਾਕਸ ਕਮੇਟੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਸ਼ਾਮਲ ਸਨ। ਇਸ ਦੌਰਾਨ ਡਾ. ਪ੍ਰਿਤਪਾਲ ਸਿੰਘ ਨੇ ਅਸੈਂਬਲੀ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਭਾਰਤ ਵਿਚ ਨਵੰਬਰ 1984 ਦੌਰਾਨ ਸਿੱਖ ਵਿਰੋਧੀ ਹਿੰਸਾ ਨੂੰ  ਨਸਲਕੁਸ਼ੀ ਕਰਾਰ ਦਿੰਦੇ ਹੋਏ ਇਕ ਮਤਾ ਪਾਸ ਕੀਤਾ ਗਿਆ ਹੈ। ਕੈਲੀਫੋਰਨੀਆ ਅਸੈਂਬਲੀ ਵਿਚ ਪਹਿਲੀ ਵਾਰ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਦੁਆਰਾ 22 ਮਾਰਚ, 2023 ਨੂੰ ਇਹ ਮਤਾ ਪੇਸ਼ ਕੀਤਾ ਗਿਆ ਸੀ, ਜੋ ਕਿ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਨੂੰ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੁਡੁਆ ਵੱਲੋਂ ਸਹਿ-ਪ੍ਰਯੋਜਿਤ ਕੀਤਾ ਗਿਆ ਸੀ। ਇਕ ਹੋਰ ਹਿੰਦੂ ਅਸੈਂਬਲੀ ਮੈਂਬਰ ਐਸ਼ ਕਾਲੜਾ ਨੇ ਵੀ ਇਸ ਦੇ ਹੱਕ ਵਿਚ ਵੋਟ ਪਾਈ।
ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਹੋਰ ਅਮਰੀਕੀ ਸਿੱਖ ਸੰਸਥਾਵਾਂ ਨੇ ਇਹ ਮਤਾ ਪੇਸ਼ ਅਤੇ ਪਾਸ ਕਰਨ ਲਈ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹੀ ਮਤਾ 6 ਜਨਵਰੀ, 2022 ਨੂੰ ਨਿਊਜਰਸੀ ਸਟੇਟ ਦੀ ਸੈਨੇਟ ਵੱਲੋਂ ਵੀ ਪਾਸ ਕੀਤਾ ਗਿਆ ਸੀ।
ਸਿੱਖ ਕਾਕਸ ਕਮੇਟੀ ਵੱਲੋਂ ਸੰਯੁਕਤ ਰਾਸ਼ਟਰ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾ: ਇਕਤਿਦਾਰ ਚੀਮਾ ਦਾ ਵੀ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦੇ ਵਿਚਾਰ-ਵਟਾਂਦਰੇ ਅਤੇ ਸੰਯੁਕਤ ਰਾਸ਼ਟਰ ਪੱਧਰ ‘ਤੇ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਲਈ ਹੈ।
ਇਸ ਮਤੇ ਵਿਚ ਇਹ ਨਵੰਬਰ 1984 ‘ਚ ਭਾਰਤ ਵਿਚ ਹੋਈ ਹਿੰਸਾ ਨੂੰ ਨਸਲਕੁਸ਼ੀ ਵਜੋਂ ਨਿੰਦਾ ਕੀਤੀ ਗਈ ਹੈ ਅਤੇ ਕੈਲੀਫੋਰਨੀਆ ਦੀ ਵਿਧਾਨ ਸਭਾ ਨੇ ਯੂਨਾਈਟਿਡ ਸਟੇਟਸ ਕਾਂਗਰਸ ਨੂੰ ਨਵੰਬਰ 1984 ਨੂੰ ਰਸਮੀ ਤੌਰ ‘ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਸ ਮਤੇ ਵਿਚ ਭਾਰਤ ਵਿਚ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਦਰਸਾਇਆ ਗਿਆ ਹੈ।
ਇਸ ਮੌਕੇ ਕੁਲਜੀਤ ਨਿੱਝਰ, ਦਵਿੰਦਰ ਸਿੰਘ ਬੈਂਸ ਅਤੇ ਹੋਰ ਵੀ ਆਗੂ ਸ਼ਾਮਲ ਸਨ।

Leave a comment