ਕੈਲੀਫ਼ੋਰਨੀਆ, 18 ਜੂਨ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਸਮੁੰਦਰ ਵਿੱਚ ਵਹਿ ਜਾਣ ਕਾਰਨ ਭਾਰਤੀ ਮੂਲ ਦੀਆਂ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ 21 ਸਾਲਾ ਹਰਸ਼ਿਤਾ ਨਾਇਰ ਅਤੇ 20 ਸਾਲਾ ਮਾਹਿਆਲ ਸਰਨ ਵਜੋਂ ਹੋਈ ਹੈ। ਦੋਵੇਂ ਬੇ ਏਰੀਆ ਦੇ ਫ੍ਰੀਮਾਂਟ ਸ਼ਹਿਰ ਦੀਆਂ ਰਹਿਣ ਵਾਲੀਆਂ ਅਤੇ ਕਰੀਬੀ ਸਹੇਲੀਆਂ ਸਨ।
ਇਹ ਹਾਦਸਾ 10 ਜੂਨ ਨੂੰ ਸਾਂਤਾ ਕ੍ਰੂਜ਼ ਕਾਊਂਟੀ ਦੇ ਬੋਨੀ ਡੂਨ ਬੀਚ ਨੇੜੇ ਵਾਪਰਿਆ। ਇੱਕ ਚਸ਼ਮਦੀਦ ਵੱਲੋਂ ਦੋ ਨੌਜਵਾਨ ਔਰਤਾਂ ਦੇ ਸਮੁੰਦਰ ਵਿੱਚ ਵਹਿ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਅਤੇ ਬਚਾਅ ਦਲਾਂ ਨੇ ਵੱਡੇ ਪੱਧਰ ’ਤੇ ਰਾਹਤ ਅਭਿਆਨ ਚਲਾਇਆ।
ਘਟਨਾ ਸਥਾਨ ’ਤੇ ਕਈ ਬਚਾਅ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪਹੁੰਚੀਆਂ। ਅੱਠ ਬਚਾਅ ਤੈਰਾਕਾਂ ਨੂੰ ਸਮੁੰਦਰ ਵਿੱਚ ਉਤਾਰਿਆ ਗਿਆ, ਜਿਨ੍ਹਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਜ਼ਿੰਦਾ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਹਾਲਾਂਕਿ ਬਚਾਏ ਜਾਣ ਤੋਂ ਕੁਝ ਸਮੇਂ ਬਾਅਦ ਹਰਸ਼ਿਤਾ ਨਾਇਰ ਦੀ ਮੌਤ ਹੋ ਗਈ। ਦੂਜੇ ਪਾਸੇ ਮਾਹਿਆਲ ਸਰਨ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਰਹੀ, ਪਰ 13 ਜੂਨ ਨੂੰ ਉਸ ਨੇ ਵੀ ਦਮ ਤੋੜ ਦਿੱਤਾ।
ਅਧਿਕਾਰੀਆਂ ਮੁਤਾਬਕ ਦੋਵੇਂ ਵਿਦਿਆਰਥਣਾਂ ‘ਕੀਹੋਲ’ ਨਾਮਕ ਚੱਟਾਨੀ ਖੇਤਰ ਦੇ ਨੇੜੇ ਮੌਜੂਦ ਸਨ, ਜੋ ਬੋਨੀ ਡੂਨ ਬੀਚ ਅਤੇ ਯੈਲੋ ਬੈਂਕ ਬੀਚ ਦੇ ਵਿਚਕਾਰ ਸਥਿਤ ਹੈ। ਇਹ ਇਲਾਕਾ ਤੇਜ਼ ਲਹਿਰਾਂ, ਬਦਲਦੇ ਜਵਾਰ-ਭਾਟੇ ਅਤੇ ਅਚਾਨਕ ਖ਼ਤਰਨਾਕ ਸਮੁੰਦਰੀ ਹਾਲਾਤਾਂ ਲਈ ਜਾਣਿਆ ਜਾਂਦਾ ਹੈ। ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮੁੰਦਰ ਦੀਆਂ ਤੇਜ਼ ਅਤੇ ਬਦਲਦੀਆਂ ਸਥਿਤੀਆਂ ਇਸ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਹਰਸ਼ਿਤਾ ਨਾਇਰ ਅਤੇ ਮਾਹਿਆਲ ਸਰਨ ਨੇ 2023 ਵਿੱਚ ਵਾਸ਼ਿੰਗਟਨ ਹਾਈ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ ਸੀ। ਹਰਸ਼ਿਤਾ ਨਾਇਰ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਕਾਨੂੰਨੀ ਅਧਿਐਨ (ਲੀਗਲ ਸਟੱਡੀਜ਼) ਦੀ ਵਿਦਿਆਰਥਣ ਸੀ ਅਤੇ 2027 ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਵਾਲੀ ਸੀ। ਉਸ ਦੇ ਸਹਿਪਾਠੀਆਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਮਿਹਨਤੀ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿਣ ਵਾਲੀ ਵਿਦਿਆਰਥਣ ਵਜੋਂ ਯਾਦ ਕੀਤਾ।
ਮਾਹਿਆਲ ਸਰਨ ਸੈਨ ਹੋਜੇ ਸਟੇਟ ਯੂਨੀਵਰਸਿਟੀ ਵਿੱਚ ਜਨ ਸਿਹਤ ਵਿਸ਼ੇ ਦੀ ਪੜ੍ਹਾਈ ਕਰ ਰਹੀ ਸੀ। ਉਸ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇੱਕ ਹੋਣਹਾਰ ਵਿਦਿਆਰਥਣ ਅਤੇ ਸਮਾਜਿਕ ਕੰਮਾਂ ਵਿੱਚ ਸਰਗਰਮ ਭਾਗੀਦਾਰੀ ਕਰਨ ਵਾਲੀ ਨੌਜਵਾਨ ਵਜੋਂ ਯਾਦ ਕੀਤਾ ਹੈ।

