#CANADA

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸ਼ਾਹਮੁਖੀ ‘ਚ ਪ੍ਰਕਾਸ਼ਿਤ ਪੁਸਤਕ ‘ਜੱਸਾ ਸਿੰਘ ਰਾਮਗੜ੍ਹੀਆ’ ਦਾ ਰਿਲੀਜ਼ ਸਮਾਗਮ

ਸਰੀ, 6 ਸਤੰਬਰ  (ਹਰਦਮ ਮਾਨ/ਪੰਜਾਬ ਮੇਲ)- ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ‘ਚ ਪ੍ਰਕਾਸ਼ਿਤ ਪੁਸਤਕ ਰਿਲੀਜ਼ ਕਰਨ ਲਈ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਵੱਲੋਂ ਰਚਿਤ, ਗੁਰਮੁਖੀ ਅਤੇ ਰੋਮਨ ਵਿਚ ਬਹੁਤ ਸਮਾਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀ ਇਸ ਪੁਸਤਕ ਨੂੰ ਹੁਣ ਲਾਹੌਰ (ਪਾਕਿਸਤਾਨ) ਦੇ ਨਾਮਵਰ ਅਦੀਬ ਪ੍ਰੋ. ਆਸ਼ਿਕ ਰਹੀਲ ਨੇ ਸ਼ਾਹਮੁਖੀ ਵਿਚ ਲਿਪੀਆਂਤਰ ਕੀਤਾ ਹੈ।
ਸਮਾਗਮ ਦੇ ਮੁੱਖ ਬੁਲਾਰੇ ਅਤੇ ਪ੍ਰਸਿੱਧ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਇਸ ਪੁਸਤਕ ਨੂੰ ਸ਼ਾਹਮੁਖੀ ‘ਚ ਪ੍ਰਕਾਸ਼ਿਤ ਕਰਨ ਦੇ ਉਦੇਸ਼ ਬਾਰੇ ਚਾਨਣਾ ਪਾਇਆ। ਇਸ ਪੁਸਤਕ ਦਾ ਮੁੱਖ ਬੰਦ ਜੈਤੇਗ ਸਿੰਘ ਅਨੰਤ ਅਤੇ ਪਾਕਿਸਤਾਨ ਦੇ ਨਾਮਵਰ ਇਤਿਹਾਸਕਾਰ ਪ੍ਰੋ. ਅਖ਼ਤਰ ਸੰਧੂ ਵੱਲੋਂ ਲਿਖਿਆ ਗਿਆ ਹੈ।
ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਰੂਹੇ-ਰਵਾਂ ਗਿਆਨ ਸਿੰਘ ਸੰਧੂ ਅਤੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਵੀ ਇਸ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਇਸ ਪੁਸਤਕ ਨੂੰ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕਰਵਾਉਣ ਦੇ ਵਡੇਰੇ ਕਾਰਜ ਲਈ ਜੈਤੇਗ ਸਿੰਘ ਅਨੰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਸੁਰਿੰਦਰ ਸਿੰਘ ਜੱਬਲ ਨੂੰ ਮੁਬਾਰਕਬਾਦ ਦਿੱਤੀ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਇਹ ਪੁਸਤਕ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਸ਼ਨਾਂ ਦਾ ਆਖਰੀ ਪੜਾਅ ਹੈ। ਸੁਸਾਇਟੀ ਵੱਲੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਵੱਡ-ਆਕਾਰੀ ਕੌਫੀ ਟੇਬਲ ਪੁਸਤਕ ਪ੍ਰਕਾਸ਼ਿਤ ਕੀਤੀ ਗਈ, ਇਕ ਵੱਡਾ ਸਮਾਗਮ ਕਰਵਾਇਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਰਸਾਲੇ ਗੁਰਮਤਿ ਪ੍ਰਕਾਸ਼ ਦਾ ਜੱਸਾ ਸਿੰਘ ਰਾਮਗੜ੍ਹੀਆ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਵਾਇਆ ਅਤੇ ਹੁਣ ਸ਼ਾਹਮੁਖੀ ‘ਚ ਪ੍ਰਕਾਸ਼ਿਤ ਇਹ ਪੁਸਤਕ ਉਨ੍ਹਾਂ ਦੀ ਵਿਰਾਸਤ ਨੂੰ ਸਮੁੱਚੇ ਪੰਜਾਬੀ ਭਾਈਚਾਰੇ ‘ਚ ਫੈਲਾਉਣ ਦਾ ਹੀ ਇਕ ਯਤਨ ਹੈ।
ਇਸ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਸਮੁੱਚੀ ਟੀਮ ਵੱਲੋਂ ਪੁਸਤਕ ਰਿਲੀਜ਼ ਕੀਤੀ ਗਈ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਇਸ ਪੁਸਤਕ ਲਈ ਜੈਤੇਗ ਸਿੰਘ ਅਨੰਤ ਅਤੇ ਸੁਰਿੰਦਰ ਸਿੰਘ ਜੱਬਲ ਵੱਲੋਂ ਕੀਤੀ ਮਿਹਨਤ ਅਤੇ ਯੋਗਦਾਨ ਲਈ ਦਾ ਧੰਨਵਾਦ ਕੀਤਾ ਅਤੇ ਸਮਾਗਮ ਸਮੇਂ ਹਾਜ਼ਰ ਸਾਰੀ ਸੰਗਤ ਦਾ ਸ਼ੁਕਰੀਆ ਅਦਾ ਕੀਤਾ।

Leave a comment