#AMERICA

ਐੱਫ.ਬੀ.ਆਈ. ਵੱਲੋਂ ਨਸ਼ਾ ਤਸਕਰੀ ਮਾਮਲੇ ‘ਚ ਪੰਜਾਬੀ ਨੌਜਵਾਨ ਵਾਂਟੇਡ ਸੂਚੀ ‘ਚ ਸ਼ਾਮਲ

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਵਾਂਟੇਡ ਐਲਾਨਿਆ ਹੈ। ਉਸ ‘ਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ, ‘ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ’, ਵਿਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦਾ ਦੋਸ਼ ਹੈ।
ਜਾਣਕਾਰੀ ਅਨੁਸਾਰ, ਇਹ ਅਪਰਾਧਿਕ ਸਮੂਹ ਕਥਿਤ ਤੌਰ ‘ਤੇ ਨਸ਼ਾ ਤਸਕਰੀ ਦੀਆਂ ਵੱਡੀਆਂ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ। ਜਾਂਚ ਏਜੰਸੀਆਂ ਅਨੁਸਾਰ, ਇਸ ਸੰਗਠਨ ਨੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਅਤੇ ਹੋਰ ਕਈ ਇਲਾਕਿਆਂ ਵਿਚ ਆਪਣਾ ਜਾਲ ਵਿਛਾਇਆ ਹੋਇਆ ਸੀ।
ਗੁਰਪ੍ਰੀਤ ਸਿੰਘ ਵਿਰੁੱਧ ਇਹ ਕਾਰਵਾਈ ਉਸਦੀ ਇੱਕ ਅਜਿਹੇ ਅਪਰਾਧਿਕ ਸੰਗਠਨ ਨਾਲ ਸ਼ਮੂਲੀਅਤ ਕਾਰਨ ਕੀਤੀ ਗਈ ਹੈ, ਜੋ ਨਾ ਸਿਰਫ਼ ਸਥਾਨਕ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਸਰਗਰਮ ਸੀ। ਐੱਫ.ਬੀ.ਆਈ. ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਮੈਂਬਰਾਂ ਤੱਕ ਵੀ ਪਹੁੰਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਗਰੁੱਪ ਦੀਆਂ ਗਤੀਵਿਧੀਆਂ ਕਾਰਨ ਅਮਰੀਕਾ ਦੇ ਕਈ ਇਲਾਕਿਆਂ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ।