#PUNJAB

ਐਕਸੀਡੈਂਟ ਦੌਰਾਨ ਨਕਾਰਾ ਹੋਏ ਵਿਅਕਤੀ ਦੇ ਪਰਿਵਾਰ ਦੀ ਡਾ. ਓਬਰਾਏ ਨੇ ਫ਼ੜੀ ਬਾਂਹ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੇ ਇੱਕ ਪਰਿਵਾਰ ਨੂੰ ਲੰਮੇ ਸਮੇਂ ਲਈ ਸਹਾਇਤਾ ਦੇ ਕੇ ਪਰਿਵਾਰ ਦੀ ਬਾਂਹ ਫੜੀ ਗਈ ਹੈ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਪਿੰਡ ਦੇ ਗ਼ਰੀਬ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਐਕਸੀਡੈਂਟ ਦੌਰਾਨ ਲੱਤ ਕੱਟੀ ਗਈ ਅਤੇ ਸਰੀਰ ‘ਤੇ ਹੋਰ ਵੀ ਕਈ ਸੱਟਾਂ ਲੱਗੀਆਂ ਅਤੇ ਇਹ ਵਿਅਕਤੀ ਕੰਮ ਕਰਨ ਤੋਂ ਅਸਮਰਥ ਹੋ ਗਿਆ ਤੇ ਨਾਲ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਘਰ ਵਿਚ ਹੋਰ ਕੋਈ ਵੀ ਕਮਾਉਣ ਯੋਗ ਨਹੀਂ ਹੈ। ਪਿੰਡ ਦੇ ਪਤਵੰਤੇ ਸੱਜਣਾਂ ਅਤੇ ਰੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਵੱਲੋਂ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਧਿਆਨ ਵਿਚ ਲਿਆਂਦਾ। ਟੀਮ ਵੱਲੋਂ ਮੁੱਢਲੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਇਸ ਕੇਸ ਬਾਰੇ ਜਾਣਕਾਰੀ ਦਿੱਤੀ, ਤਾਂ ਡਾਕਟਰ ਓਬਰਾਏ ਨੇ ਤੁਰੰਤ ਹੀ ਲੰਮੇ ਸਮੇਂ ਲਈ ਪਰਿਵਾਰ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਹਰ ਸੰਭਵ ਮਦਦ ਲਈ ਭਰੋਸਾ ਦਿਤਾ। ਸਹਾਇਤਾ ਰਾਸ਼ੀ ਲੈਣ ਉਪਰੰਤ ਲੋੜਵੰਦ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਰਿਟਾ. ਲੈਕਚਰਾਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਰੁਪਿੰਦਰ ਸਿੰਘ ਡੋਹਕ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ, ਜਸਕਰਨ ਸਿੰਘ ਸਰਾਂ ਮੀਤ ਪ੍ਰਧਾਨ ਕਿਸਾਨ ਯੂਨੀਅਨ, ਹੈਪੀ ਬਰਾੜ ਕਿਸਾਨ ਯੂਨੀਅਨ, ਸੁਖਦਰਸ਼ਨ ਸਿੰਘ ਬੇਦੀ ਰਿਟਾ. ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ, ਬਲਦੇਵ ਸਿੰਘ ਮਾਂਗਟ ਕੇਰ ਆਦਿ ਹਾਜ਼ਰ ਸਨ।