#AMERICA

ਐਟਲਾਂਟਾ ਵਿਖੇ ਸਿਆਨਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2026 ਸੰਪੰਨ

ਐਟਲਾਂਟਾ (ਜਾਰਜੀਆ), 12 ਅਗਸਤ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵੱਲੋਂ ਕਰਵਾਇਆ ਜਾਂਦਾ ਚਾਰ ਰੋਜ਼ਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2026 ਐਟਲਾਂਟਾ ਦੇ ਸਟੋਨ ਮਾਊਂਟੇਨ ਸਥਿਤ ਸਿੱਖ ਸਟੱਡੀ ਸਰਕਲ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। 13 ਸਾਲਾਂ ਬਾਅਦ ਐਟਲਾਂਟਾ ਵਿਚ ਹੋਏ ਇਸ ਸਮਾਗਮ ਵਿਚ ਅਮਰੀਕਾ ਅਤੇ ਕੈਨੇਡਾ ਦੇ 14 ਰੀਜਨਾਂ ਤੋਂ 6 ਤੋਂ 22 ਸਾਲ ਤੱਕ ਦੇ 73 ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ। ਪਰਿਵਾਰਕ ਮੈਂਬਰਾਂ ਅਤੇ ਪ੍ਰਬੰਧਕਾਂ ਸਮੇਤ 300 ਤੋਂ ਵੱਧ ਸੰਗਤਾਂ ਨੇ ਸ਼ਿਰਕਤ ਕੀਤੀ।
ਸਿਮਪੋਜ਼ੀਅਮ ਦੇ ਅੰਤਰਰਾਸ਼ਟਰੀ ਫਾਈਨਲ ਵਿਚ ਭਾਗ ਲੈਣ ਵਾਲਿਆਂ ਨੇ ਉਮਰ ਅਨੁਸਾਰ ਵੱਖ-ਵੱਖ ਵਿਸ਼ਿਆਂ ‘ਤੇ 5 ਤੋਂ 7 ਮਿੰਟ ਦੇ ਭਾਸ਼ਣ ਪੇਸ਼ ਕੀਤੇ। 16 ਤੋਂ 22 ਸਾਲ ਦੇ ਨੌਜਵਾਨਾਂ ਲਈ ”ਗੁਰੂਜ਼ ਵੀਊ ਆਫ ਏ ਜਸਟ ਵਰਲਡ – ਬੇਗਮਪੁਰਾ ਸਹਰ ਕੋ ਨਾਉ” ਵਿਸ਼ੇ ਤਹਿਤ ਬਰਾਬਰੀ, ਮਨੁੱਖੀ ਮਰਿਆਦਾ ਅਤੇ ਸਮਾਜਿਕ ਨਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਸਮਾਗਮ ਦੌਰਾਨ ਮਈ 2026 ਵਿਚ ਅਕਾਲ ਚਲਾਣਾ ਕਰ ਗਏ ਸਿਆਨਾ ਦੇ ਰਾਸ਼ਟਰੀ ਕਨਵੀਨਰ ਸ. ਕੁਲਦੀਪ ਸਿੰਘ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਿੱਖ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ।
ਨਤੀਜਿਆਂ ਅਨੁਸਾਰ ਜਲਨਿਧ ਕੌਰ, ਸਰਬੱਤ ਸਿੰਘ, ਕੇਸਰ ਸਿੰਘ, ਸੁਹਾਵੀ ਕੌਰ ਅਤੇ ਸਹਿਜਵੀਰ ਸਿੰਘ ਨੇ ਆਪਣੇ-ਆਪਣੇ ਗਰੁੱਪਾਂ ਵਿਚ ਪਹਿਲੇ ਸਥਾਨ ਹਾਸਲ ਕੀਤੇ। ਸਾਰੇ ਫਾਈਨਲਿਸਟਾਂ ਨੂੰ ”ਡਿਸਟਿੰਗੂਇਸ਼ਡ ਸਪੀਕਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2027 ਅਗਸਤ ਦੇ ਪਹਿਲੇ ਵੀਕਐਂਡ ਦੌਰਾਨ ਨਿਊ ਜਰਸੀ ਵਿਖੇ ਕਰਵਾਇਆ ਜਾਵੇਗਾ।
ਪ੍ਰਬੰਧਕਾਂ ਮਨਪ੍ਰੀਤ ਸਿੰਘ ਜੀ ਅਤੇ ਪਰਮਿੰਦਰ ਸਿੰਘ ਜੀ ਨੇ ਇਸ ਚਾਰ ਰੋਜ਼ਾ ਸਾਲਾਨਾ ਸਮਾਗਮ ਨੂੰ ਸਫਲ ਬਣਾਉਣ ਲਈ ਆਈਆਂ ਸਭ ਸੰਗਤਾਂ, ਸੇਵਾਦਾਰਾਂ, ਬੱਚਿਆਂ, ਮਾਪਿਆਂ ਅਤੇ ਸਿੱਖ ਸਟੱਡੀ ਸਰਕਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।