#PUNJAB

ਈ.ਡੀ. ਵੱਲੋਂ ਪੰਜਾਬੀ ਯੂਨੀਵਰਸਿਟੀ ਸਕਾਲਰਸ਼ਿਪ ਘਪਲੇ ‘ਚ ਜਾਂਚ ਆਰੰਭ

ਪਟਿਆਲਾ, 30 ਜੂਨ (ਪੰਜਾਬ ਮੇਲ)- ਇਥੇ ਪੰਜਾਬੀ ਯੂਨੀਵਰਸਿਟੀ ਵਿਚ ਕੁਝ ਸਾਲ ਪਹਿਲਾਂ ਹੋਏ ਕਰੋੜਾਂ ਰੁਪਏ ਦੇ ਕਥਿਤ ਸਕਾਲਰਸ਼ਿਪ ਘਪਲੇ ਦੇ ਮਾਮਲੇ ਵਿਚ ਹੁਣ ਕੇਂਦਰ ਸਰਕਾਰ ਦੀ ਪ੍ਰਮੁੱਖ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਸਤਕ ਦੇ ਦਿੱਤੀ ਹੈ। ਈ.ਡੀ. ਨੇ ਇਸ ਮਾਮਲੇ ਦੀ ਮਨੀ ਲਾਂਡਰਿੰਗ ਰੋਕੂ ਐਕਟ 2002 ਤਹਿਤ ਜਾਂਚ ਸ਼ੁਰੂ ਕੀਤੀ ਹੈ। ਕੇਂਦਰੀ ਏਜੰਸੀ ਨੇ ਪਟਿਆਲਾ ਦੇ ਸਬ-ਰਜਿਸਟਰਾਰ ਦਫ਼ਤਰ ਨੂੰ ਪੱਤਰ ਲਿਖ ਕੇ ਮਾਮਲੇ ਦੇ ਮੁੱਖ ਮੁਲਜ਼ਮਾਂ ਦੀਆਂ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ।
ਜਾਣਕਾਰੀ ਅਨੁਸਾਰ ਈ.ਡੀ. ਨੇ ਮੁੱਖ ਮੁਲਜ਼ਮ ਨਿਸ਼ੂ ਚੌਧਰੀ ਨਾਲ ਸਬੰਧਤ 20 ਤੋਂ ਵੱਧ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਇਸ ਤੋਂ ਇਲਾਵਾ ਕਵਿਤਾ ਚੌਧਰੀ, ਰਵੀ ਕਪੂਰ ਅਤੇ ਪੂਜਾ ਕਪੂਰ ਦੇ ਨਾਂ ‘ਤੇ ਦਰਜ ਜਾਇਦਾਦਾਂ ਦਾ ਰਿਕਾਰਡ ਵੀ ਤਲਬ ਕੀਤਾ ਗਿਆ ਹੈ। ਪੱਤਰ ਵਿਚ ਦਰਜ ਸਾਰੀਆਂ ਜਾਇਦਾਦਾਂ ਯੂਨੀਵਰਸਿਟੀ ਨੇੜਲੇ ਪਿੰਡ ਡੀਲਵਾਲ ਵਿਚ ਸਥਿਤ ਹਨ। ਮਾਮਲੇ ਦੀ ਜਾਂਚ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਬਣਾਈ ਜਾਂਚ ਕਮੇਟੀ ਆਪਣੀ ਰਿਪੋਰਟ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪ ਚੁੱਕੀ ਹੈ। ਰਿਪੋਰਟ ਵਿਚ ਕਰੀਬ 14 ਕਰੋੜ ਰੁਪਏ ਦੇ ਕਥਿਤ ਹੇਰ-ਫੇਰ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਂ ਵੀ ਸਾਹਮਣੇ ਆਏ ਹਨ।
ਸਬ-ਰਜਿਸਟਰਾਰ ਗੁਲਾਬ ਸਿੰਘ ਥਿੰਦ ਨੇ ਪੁਸ਼ਟੀ ਕੀਤੀ ਕਿ ਈ.ਡੀ. ਵੱਲੋਂ ਮੰਗੀ ਗਈ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਾਰਾ ਰਿਕਾਰਡ ਤਿਆਰ ਕਰਕੇ ਨਿਯਮਾਂ ਅਨੁਸਾਰ ਜਲਦੀ ਹੀ ਈ.ਡੀ. ਨੂੰ ਭੇਜ ਦਿੱਤਾ ਜਾਵੇਗਾ।