#PUNJAB

ਆਸਾਨੀ ਨਾਲ ਬਦਲੇ ਜਾ ਸਕਣਗੇ ਦੋ ਹਜ਼ਾਰ ਦੇ ਨੋਟ

ਨਵੀਂ ਦਿੱਲੀ, 22 ਮਈ (ਪੰਜਾਬ ਮੇਲ)-ਦੋ ਹਜ਼ਾਰ ਰੁਪੲੇ ਦੇ ਕਰੰਸੀ ਨੋਟਾਂ ਨੂੰ ਬੈਂਕਾਂ ਵਿੱਚੋਂ ਬਦਲਾਉਣ ਮੌਕੇ ਸਬੰਧਤ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਫਾਰਮ ਜਾਂ ਹੋਰ ਪਰਚੀ ਭਰਨ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਸ਼ਨਾਖਤੀ ਕਾਰਡ ਵਿਖਾਉਣਾ ਹੋਵੇਗਾ। ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੇ ਸਾਰੇ ਮੁਕਾਮੀ ਮੁੱਖ ਦਫ਼ਤਰਾਂ ਨੂੰ ਭੇਜੇ ਪੱਤਰ ਵਿੱਚ ਸਾਫ਼ ਕਰ ਦਿੱਤਾ ਹੈ ਕਿ 2000 ਰੁਪਏ ਦੇ ਨੋਟ ਬਦਲਵਾਉਣ ਲਈ ਆਏ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਪਰਚੀ ਭਰਨ ਲਈ ਨਾ ਆਖਿਆ ਜਾਵੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਚਾਣਚੱਕ ਲਏ ਫੈਸਲੇ ਵਿੱਚ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਇਕ ਦਿਨ ਵਿੱਚ ਇਕ ਵਿਅਕਤੀ ਨੂੰ ਵੱਧ ਤੋਂ ਵੱਧ 20 ਹਜ਼ਾਰ ਰੁਪਏ ਭਾਵ 2000 ਰੁਪਏ ਦੇ ਦਸ ਨੋਟ ਬਦਲਾਉਣ ਦੀ ਹੀ ਖੁੱਲ੍ਹ ਰਹੇਗੀ। ਅਜਿਹੇ ਨੋਟਾਂ ਨੂੰ ਆਪਣੇ ਖਾਤੇ ਵਿੱਚ ਜਮ੍ਹਾਂ ਕਰਨ ਬਾਰੇ ਆਰਬੀਆਈ ਨੇ ਭਾਵੇਂ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਹੈ ਪਰ ਇਹ ਕੇਵਾਈਸੀ (ਆਪਣੇ ਗਾਹਕ ਨੂੰ ਜਾਣੋ) ਦੇ ਮੌਜੂਦਾ ਨਿਯਮਾਂ ਅਤੇ ਹੋਰ ਲਾਗੂ ਕਾਨੂੰਨੀ ਲੋੜਾਂ ਦੀ ਪਾਲਣਾ ਦੇ ਅਧੀਨ ਹੋਵੇਗਾ। ਬੈਂਕ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਉਹ ਲੋਕਾਂ ਨਾਲ ਪੂਰਾ ਸਹਿਯੋਗ ਕਰਨ ਤਾਂ ਜੋ ਨੋਟ ਬਦਲਾਉਣ ਦਾ ਅਮਲ ਬਿਨਾਂ ਕਿਸੇ ਦਿੱਕਤ ਦੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ। ਸੂਤਰਾਂ ਮੁਤਾਬਕ ਕੋਈ ਵੀ ਵਿਅਕਤੀ 2000 ਦੇ ਨੋਟ ਬਦਲਾਉਣ ਲਈ ਕਤਾਰ ਵਿੱਚ ਜਿੰਨੀ ਮਰਜ਼ੀ ਵਾਰ ਖੜ੍ਹਾ ਹੋ ਸਕਦਾ ਹੈ।  ਨੋਟ ਜਮ੍ਹਾਂ ਕਰਵਾਉਣ ਜਾਂ ਬਦਲਣ ਲਈ ਲੋਕਾਂ ਨੂੰ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਕਈ ਬੈਂਕਾਂ ’ਚ ਲੋਕ ਸ਼ਨਿਚਰਵਾਰ ਨੂੰ ਹੀ 2000 ਦੇ ਨੋਟ ਲੈ ਕੇ ਪੁੱਜ ਗਏ। ਬੈਂਕ ਅਧਿਕਾਰੀਆਂ ਨੇ ਗਾਹਕਾਂ ਨੂੰ ਨੋਟ ਬਦਲਾਉਣ ਦੀ ਤਰੀਕ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਆਪੋ-ਆਪਣੇ ਘਰੇ ਤੋਰਿਆ। ਕੁਝ ਗਾਹਕਾਂ ਨੇ ਕੈਸ਼ ਡਿਪਾਜ਼ਿਟ ਮਸ਼ੀਨਾਂ ਦੀ ਵਰਤੋਂ ਕਰਦਿਆਂ ਖ਼ਾਤਿਆਂ ’ਚ 2000 ਦੇ ਨੋਟ ਜਮ੍ਹਾਂ ਕਰਵਾਏ। ਕਈ ਲੋਕਾਂ ਨੇ ਜਿਊਲਰੀ ਦੀਆਂ ਦੁਕਾਨਾਂ ’ਤੇ ਸੋਨਾ ਅਤੇ ਹੋਰ ਕੀਮਤੀ ਧਾਤਾਂ ਖ਼ਰੀਦਣ ਦੀ ਕੋਸ਼ਿਸ਼ ਕੀਤੀ। ਉਂਜ ਜਿਊਲਰਾਂ ਨੇ ਵੀ 2000 ਦੇ ਨੋਟ ਸਵੀਕਾਰ ਕਰਨ ’ਚ ਝਿਜਕ ਦਿਖਾਈ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਮੁਤਾਬਕ 2000 ਦੇ ਨੋਟ ਬੰਦ ਹੋਣ ਨਾਲ ਛੋਟੇ ਵਪਾਰੀਆਂ ’ਤੇ ਬਹੁਤਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਰਬੀਆਈ ਦੇ ਇਸ ਕਦਮ ਦਾ ਅਸਰ ਰਸੂਖਦਾਰ ਵਰਗ ’ਤੇ ਜ਼ਰੂਰ ਪਵੇਗਾ ਜਿਨ੍ਹਾਂ ਕੋਲ ਵੱਡੀ ਗਿਣਤੀ ’ਚ 2000 ਦੇ ਨੋਟ ਜਮ੍ਹਾਂ ਹੋ ਸਕਦੇ ਹਨ।

Leave a comment