ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸੈਨਟ ਵੱਲੋਂ ਭਾਰਤੀ ਅਮਰੀਕੀ ਗੀਤਾ ਰਾਓ ਗੁਪਤਾ ਦੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਔਰਤਾਂ ਦੇ ਮੁੱਦਿਆਂ ਸਬੰਧੀ ਕੌਮਾਂਤਰੀ ਰਾਜਦੂਤ ਵਜੋਂ ਕੀਤੀ ਗਈ ਨਿਯੁਕਤੀ ਦੀ ਸੈਨਟ ਦੁਆਰਾ ਪੁਸ਼ਟੀ ਕਰ ਦੇਣ ਦੀ ਖਬਰ ਹੈ। ਇਹ ਅਹੁਦਾ ਰਾਜਨੀਤਿਕ ਵਖਰੇਵਿਆਂ ਕਾਰਨ ਪਿਛਲੇ ਤਕਰੀਬਨ ਦੋ ਸਾਲ ਤੋਂ ਖਾਲੀ ਪਿਆ ਸੀ। ਯੂ.ਐੱਨ. ਫਾਉਂਡੇਸ਼ਨ ਵਿਖੇ ਲੜਕੀਆਂ ਤੇ ਔਰਤਾਂ ਬਾਰੇ 3ਡੀ ਪ੍ਰੋਗਰਾਮ ਦੀ ਸਾਬਕਾ ਕਾਰਜਕਾਰੀ ਡਾਇਰੈਕਟਰ ਗੁਪਤਾ ਲਿੰਗ ਬਰਾਬਰਤਾ ਤੇ ਔਰਤਾਂ ਦੀ ਆਰਥਿਕ ਸੁਰੱਖਿਆ ਸਬੰਧੀ ਕੌਮਾਂਤਰੀ ਆਗੂ ਵਜੋਂ ਜਾਣੀ ਜਾਂਦੀ ਹੈ। ਪੁਸ਼ਟੀ ਤੋਂ ਪਹਿਲਾਂ ਸੈਨੇਟਰ ਜੀਨ ਸ਼ਾਹੀਨ (ਡੈਮੋਕਰੈਟਿਕ) ਨੇ ਸੈਨਟ ਵਿਚ ਸੰਬੋਧਨ ਕਰਦਿਆਂ ਅਮਰੀਕਾ ਤੇ ਵਿਸ਼ਵ ਭਰ ਵਿਚ ਲੜਕੀਆਂ ਦੇ ਹੱਕਾਂ ਨੂੰ ਸਮਰਪਿਤ ਇਕ ਰਾਜਦੂਤ ਦੀ ਲੋੜ ਉਪਰ ਵਾਰ-ਵਾਰ ਜ਼ੋਰ ਦਿੱਤਾ ਤੇ ਰਿਪਬਲੀਕਨਾਂ ਦੀ ਇਸ ਨਿਯੁਕਤੀ ਦੀ ਪੁਸ਼ਟੀ ‘ਚ ਵਿਘਣ ਪਾਉਣ ਲਈ ਅਲੋਚਨਾ ਕੀਤੀ।