#AMERICA

ਅਮਰੀਕਾ ਵੱਲੋਂ ਦੂਜੀ ਦੁਨੀਆਂ ਦੇ ਰਾਜ਼ ਖੋਲ੍ਹਣ ਦੀ ਤਿਆਰੀ!

ਟਰੰਪ ਨੇ ਪੈਂਟਾਗਨ ਨੂੰ ਯੂ.ਐੱਫ.ਓ. ਫਾਈਲਾਂ ਜਾਰੀ ਕਰਨ ਲਈ ਕਿਹਾ
ਵਾਸ਼ਿੰਗਟਨ, 4 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆਂ ਭਰ ਵਿਚ ਜਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਹੈ ਕਿ ਪੈਂਟਾਗਨ ਵੱਲੋਂ ਕੁਝ ਬਹੁਤ ਹੀ ਦਿਲਚਸਪ ਯੂ.ਐੱਫ.ਓ. (ਅਣਪਛਾਤੀਆਂ ਉੱਡਦੀਆਂ ਵਸਤਾਂ ਜਾਂ ਉਡਣ ਤਸ਼ਤਰੀਆਂ) ਸਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫਾਈਲਾਂ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਸਾਹਮਣੇ ਆਈਆਂ ਹਨ, ਜੋ ਦੂਜੇ ਗ੍ਰਹਿਆਂ ‘ਤੇ ਜੀਵਨ (ਏਲੀਅਨਜ਼) ਬਾਰੇ ਕਈ ਅਣਸੁਲਝੇ ਸਵਾਲਾਂ ਤੋਂ ਪਰਦਾ ਹਟਾ ਸਕਦੀਆਂ ਹਨ।
ਵ੍ਹਾਈਟ ਹਾਊਸ ‘ਚ ਨਾਸਾ ਦੇ ਪੁਲਾੜ ਯਾਤਰੀਆਂ ਦੇ ਸਨਮਾਨ ਵਿਚ ਰੱਖੇ ਗਏ ਸਮਾਗਮ ਦੌਰਾਨ ਟਰੰਪ ਨੇ ਕਿਹਾ, ”ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਾਰੀ ਕਰਨ ਜਾ ਰਹੇ ਹਾਂ, ਜੋ ਪਹਿਲਾਂ ਕਦੇ ਜਨਤਕ ਨਹੀਂ ਕੀਤੀਆਂ ਗਈਆਂ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਵਿਚੋਂ ਕੁਝ ਜਾਣਕਾਰੀਆਂ ਲੋਕਾਂ ਲਈ ਬਹੁਤ ਹੈਰਾਨੀਜਨਕ ਅਤੇ ਦਿਲਚਸਪ ਹੋਣਗੀਆਂ।” ਜ਼ਿਕਰਯੋਗ ਹੈ ਕਿ ਟਰੰਪ ਲਗਾਤਾਰ ਖ਼ੁਦ ਨੂੰ ਅਜਿਹੇ ਰਾਸ਼ਟਰਪਤੀ ਵਜੋਂ ਪੇਸ਼ ਕਰ ਰਹੇ ਹਨ, ਜੋ ਸਾਲਾਂ ਤੋਂ ਦਬਾਏ ਗਏ ਸਰਕਾਰੀ ਭੇਤਾਂ ਨੂੰ ਜਨਤਕ ਕਰਨ ਦੀ ਹਿੰਮਤ ਰੱਖਦੇ ਹਨ। ਇਸ ਸਾਲ ਫਰਵਰੀ ਵਿਚ ਉਨ੍ਹਾਂ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਏਲੀਅਨਜ਼ ਅਤੇ ‘ਉਡਣ ਤਸ਼ਤਰੀਆਂ’ ਨਾਲ ਸਬੰਧਤ ਸਾਰੇ ਰਿਕਾਰਡ ਖੋਲ੍ਹੇ ਜਾਣ। ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਵਿਚ ਉਨ੍ਹਾਂ ਲਿਖਿਆ ਸੀ ਕਿ ਅਮਰੀਕੀ ਲੋਕ ਪਾਰਦਰਸ਼ਤਾ ਅਤੇ ਸੱਚਾਈ ਦੇ ਹੱਕਦਾਰ ਹਨ। ਸੱਤਾ ਵਿਚ ਵਾਪਸੀ ਦੇ ਪਹਿਲੇ ਹਫ਼ਤੇ ਹੀ ਟਰੰਪ ਨੇ ਜੌਹਨ ਐੱਫ ਕੈਨੇਡੀ, ਰੌਬਰਟ ਐੱਫ ਕੈਨੇਡੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਨਾਲ ਜੁੜੇ ਰਿਕਾਰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਉਂਜ ਉਨ੍ਹਾਂ ਦਸਤਾਵੇਜ਼ਾਂ ਵਿਚੋਂ ਕੋਈ ਬਹੁਤ ਵੱਡੀ ਗੱਲ ਨਿਕਲ ਕੇ ਨਹੀਂ ਆਈ ਸੀ ਪਰ ਹੁਣ ਯੂ.ਐੱਫ.ਓ. ਫਾਈਲਾਂ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਕਾਫ਼ੀ ਜ਼ਿਆਦਾ ਹਨ। ਟਰੰਪ ਦੇ ਪ੍ਰਸ਼ੰਸਕ ਇਸ ਕਦਮ ਨੂੰ ਇਤਿਹਾਸਕ ਮੰਨ ਰਹੇ ਹਨ।