ਸੈਕਰਾਮੈਂਟੋ, ਕੈਲੀਫੋਰਨੀਆ, 1 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਵਾਸ਼ਿਗਟਨ ਰਾਜ ਦੇ ਇਕ ਪਾਰਕ ਵਿਚ ਹੋਈ ਗੋਲੀਬਾਰੀ ਵਿਚ 7 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਲੇਕਵੁੱਡ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ ਤੋਂ ਪਹਿਲਾਂ ਸ਼ਹਿਰ ਦੇ ਹੈਰੀ ਟੌਡ ਪਾਰਕ ਵਿਚ ਵਾਪਰੀ। ਜ਼ਖਮੀ ਹੋਏ ਲੋਕਾਂ ਵਿਚ 16 ਤੋਂ 38 ਸਾਲ ਦੀ ਉਮਰ ਦੇ ਵਿਅਕਤੀ ਸ਼ਾਮਿਲ ਹਨ ਜਿਨਾਂ ਵਿਚੋਂ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਕਿਹਾ ਹੈ ਕਿ ਜ਼ਖਮੀ ਹੋਏ ਵਿਅਕਤੀਆਂ ਵਿਚੋਂ ਜਿਆਦਾਤਰ ਇਸ ਗੋਲੀਬਾਰੀ ਤੋਂ ਅਣਜਾਨ ਸਨ ਤੇ ਉਨਾਂ ਦੇ ਅਚਾਨਕ ਗੋਲੀਆਂ ਵੱਜੀਆਂ। ਪੁਲਿਸ ਗੋਲੀਬਾਰੀ ਲਈ ਜਿੰਮੇਵਾਰ ਲੋਕਾਂ ਦਾ ਪਤਾ ਲਾਉਣ ਲਈ ਕੰਮ ਕਰ ਰਹੀ ਹੈ। ਸ਼ੋਸਲ ਮੀਡੀਆ ‘ਤੇ ਪਾਈ ਇਕ ਪੋਸਟ ਅਨੁਸਾਰ ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀਬਾਰੀ ਅਚਾਨਕ ਵਾਪਰੀ ਘਟਨਾ ਨਹੀਂ ਹੈ ਤੇ ਧੜਿਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਸ਼ੋਸਲ ਮੀਡੀਆ ‘ਤੇ ਕਿਹਾ ਹੈ ਕਿ ਉਸ ਦਾ ਵਿਸ਼ਵਾਸ਼ ਹੈ ਕਿ ਦੋ ਧੜਿਆਂ ਵਿਚਾਲੇ ਹੋਇਆ ਤਕਰਾਰ ਏਨਾ ਵਧ ਗਿਆ ਕਿ ਨੌਬਤ ਗੋਲੀਬਾਰੀ ਤੱਕ ਪੁੱਜ ਗਈ। ਅਜੇ ਤੱਕ ਇਸ ਘਟਨਾ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਅਮਰੀਕਾ ਦੇ ਇਕ ਪਾਰਕ ਵਿਚ ਅਚਾਨਕ ਹੋਈ ਗੋਲੀਬਾਰੀ ਵਿੱਚ 7 ਲੋਕ ਜ਼ਖਮੀ, 2 ਦੀ ਹਾਲਤ ਗੰਭੀਰ
