ਸੈਕਰਾਮੈਂਟੋ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਰਜ਼ੋਨਾ ਅਧਿਕਾਰੀਆਂ ਨੇ ਡਰੱਗ ਤਸਕਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਅਨੁਮਾਨਤ ਕੀਮਤ 1.30 ਕਰੋੜ ਡਾਲਰ ਹੈ। ਡਰੱਗ ਇਨਫੋਰਮੈਂਟ ਪ੍ਰਸ਼ਾਸਨ ਅਨੁਸਾਰ ਬਰਾਮਦ ਨਸ਼ੀਲੇ ਪਦਾਰਥਾਂ ‘ਚ ਭਾਰੀ ਮਾਤਰਾ ਵਿਚ ਹੈਰੋਇਨ, ਕੋਕੀਨ ਤੇ ਫੈਂਟਾਨਾਇਲ ਪਾਊਡਰ ਤੋਂ ਇਲਾਵਾ 45 ਲੱਖ ਤੋਂ ਵਧ ਫੈਂਟਾਨਾਇਲ ਗੋਲੀਆਂ ਤੇ 3100 ਪਾਉਂਡ ਮੈਥੰਫੈਟਾਮਾਈਨ ਸ਼ਾਮਲ ਹੈ। ਡਰੱਗ ਇਨਫੋਰਮੈਂਟ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਹੁਣ ਤੱਕ 150 ਵਿਅਕਤੀਆਂ ਵਿਰੁੱਧ ਡਰੱਗ ਤਸਕਰੀ ਦੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਦੀ ਇਹ ਬਰਾਮਦਗੀ ਟੈਂਪੇ ਪੁਲਿਸ ਵਿਭਾਗ ਤੇ ਐਰੀਜ਼ੋਨਾ ਅਟਰਾਨੀ ਜਨਰਲ ਕ੍ਰਿਸ ਮੇਅਸ ਦੇ ਸਹਿਯੋਗ ਨਾਲ ਹੋਈ ਹੈ। ਇਸ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਅਜੇ ਜਾਂਚ ਅਧੀਨ ਹੈ ਤੇ ਹੋਰ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਸੰਭਾਵਨਾ ਹੈ।