ਰੂਪਨਗਰ/ਸ੍ਰੀ ਆਨੰਦਪੁਰ ਸਾਹਿਬ, 19 ਅਗਸਤ (ਪੰਜਾਬ ਮੇਲ)- ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ ਆਏ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਬਾਰੇ ਮੰਤਰੀ ਸ਼੍ਰੀ ਬੈਂਸ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀ ਕਰਦਿਆਂ ਦੱਸਿਆ ਕਿ 15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿਚ ਪਾਣੀ ਭਰਨ ਦੀ ਸੂਚਨਾ ਮਿਲੀ, ਤਾਂ ਉਹ ਸਾਰੇ ਰੁਝੇਵੇਂ ਛੱਡ ਕੇ ਲੋਕਾਂ ਦੀ ਸੇਵਾ ਵਿਚ ਜੁੱਟ ਗਏ। ਇਸੇ ਦੌਰਾਨ ਉਨ੍ਹਾਂ ਦੇ ਪੈਰ ’ਤੇ ਜ਼ਹਿਰੀਲੇ ਸੰਪ ਨੇ ਡੰਗ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹੁਣ ਬਿਲਕੁਲ ਠੀਕ ਹਨ ਤੇ ਜ਼ਹਿਰ ਕਾਰਨ ਪੈਰ ’ਤੇ ਆਈ ਸੋਜ ਘੱਟ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਡਾਕਟਰੀ ਟੈਸਟ ਅਤੇ ਰਿਪੋਰਟਾਂ ਵੀ ਹੁਣ ਠੀਕ ਹਨ। ਉਨ੍ਹਾਂ ਆਪਣੀ ਹਸਪਤਾਲ ਦੇ ਬੈੱਡ ’ਤੇ ਬੈਠੇ ਹੋਇਆਂ ਦੀ ਅਤੇ ਆਪਣੇ ਸੁੱਜੇ ਹੋਏ ਪੈਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ।