* ਸ਼ੇਰ-ਏ-ਪੰਜਾਬ ਦੀ ਕਬੱਡੀ ਟੀਮ ਰਹੀ ਜੇਤੂ
ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਪੰਜਾਬ ਮੇਲ)- ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ਼੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਸ਼ੁਭ ਅਵਸਰ ‘ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਖਾਲਸਾ ਕਾਲਜ ਦੀ ਗਰਾਉਂਡ ਵਿਚ ਅੰਤਰਰਾਸ਼ਟਰੀ ਕਬੱਡੀ, ਪੰਜਾਬ ਕੇਸਰੀ ਕੁਸ਼ਤੀ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰਲ ਕਲੱਬ ਯੂ.ਕੇ. ਤੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰਲ ਵੱਲੋਂ ਕਰਵਾਏ ਗਏ। ਜਿਥੇ ਸੰਦੀਪ (ਪੰਜਾਬ ਕੇਸਰੀ) ਬਣੇ, ਜਿਨ੍ਹਾਂ ਨੂੰ ਚਾਂਦੀ ਦੀ ਗੁਰਜ ਤੇ 100000/-ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਦੂਸਰੇ ਦਰਜੇ ‘ਤੇ ਪਰਦੀਪ ਤੇ ਤੀਸਰੇ ਦਰਜੇ ‘ਤੇ ਗੁਰਸੇਵਕ ਸਿੰਘ (ਖੰਨਾ) ਰਹੇ, ਜਿਨ੍ਹਾਂ ਨੂੰ ਪਦਮ ਸ੍ਰੀ ਕਰਤਾਰ ਸਿੰਘ ਨੇ ਸ਼੍ਰੀ ਪਰਦੀਪ ਨੂੰ 60000/- ਰੁਪਏ ਤੇ ਤੀਸਰੇ ਦਰਜੇ ‘ਤੇ ਆਉਣ ਵਾਲੇ ਨੂੰ 35000/- ਰੁਪਏ ਤੇ ਚੌਥੇ ਦਰਜੇ ਦੇ ਪਹਿਲਵਾਨ ਨੂੰ 20000/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਕੁਮਾਰ (85 ਕਿਲੋ ਤੱਕ) ਹਰਪ੍ਰੀਤ ਸਿੰਘ ਖਿਆਲੀ ਬਣੇ, ਜਿਨ੍ਹਾਂ ਨੂੰ ਗੂਰਜ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਦੂਸਰੇ ਦਰਜੇ ‘ਤੇ ਸਨੋ ਮਾਲਿਕ (ਪੀ.ਏ.ਪੀ.) ਤੇ ਅਨੂਸ ਕੰਤ (ਜੀਰਕਪੁਰ) ਨੂੰ ਵੀ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਯੂਵਾ ਕੁਮਾਰ (65 ਕਿਲੋ ਤੱਕ) ਕ੍ਰਿਸ਼ਨ ਸ਼ਰਮਾ ਪਹਿਲੇ, ਸਾਹਿਲ ਯਾਦਵ (ਅਨੰਦਪੁਰ ਸਾਹਿਬ ਦੂਸਰੇ ਤੇ ਪਰਦੀਪ ਕੁਮਾਰ ਪੀ.ਏ.ਪੀ.) ਤੀਸਰੇ ਸਥਾਨ ‘ਤੇ ਰਹੇ, ਜਿਨ੍ਹਾਂ ਨੂੰ ਗੂਰਜ ਤੇ ਨਕਦ ਇਨਾਮ ਨਾਲ ਨਿਵਾਜਿਆ ਗਿਆ।
ਕੁਲਵੰਤ ਸਿੰਘ ਸੰਘਾ ਮੁੱਖ ਪ੍ਰਬੰਧਕ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਵਿਚ 12 ਟੀਮਾਂ ਨੇ ਜ਼ੋਰ-ਅਜਮਾਈ ਕੀਤੀ ਅਤੇ ਸ਼ੇਰ-ਏ-ਪੰਜਾਬ ਦੀ ਟੀਮ ਜੇਤੂ ਰਹੀ। 40 ਸਾਲ ਤੋਂ ਉਪਰ ਬਜ਼ੁਰਗਾਂ, ਲੜਕੀਆਂ ਤੇ 14 ਸਾਲ ਦੀ ਘੱਟ ਉਮਰ ਦੇ ਬੱਚਿਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਅਤੇ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰਲ ਕਲੱਬ ਯੂ.ਕੇ. ਦੇ ਪ੍ਰਧਾਨ ਪਿਆਰਾ ਸਿੰਘ ਰੰਧਾਵਾ, ਚੇਅਰਮੈਨ ਗੁਰਚਰਨ ਸਿੰਘ ਹੰਸ, ਜਨਰਲ ਸਕੱਤਰ ਗੁਰਚਰਨ ਸਿੰਘ ਪਿੰਕੀ ਢਿੱਲੋਂ, ਗੁਰਪਾਲ ਸਿੰਘ ਚੱਠਾ, ਖਜ਼ਾਨਚੀ ਬਹਾਦਰ ਸਿੰਘ ਸ਼ੇਰਗਿੱਲ, ਬਿਕਰਮ ਸਿੰਘ ਵਿਰਕ ਸਾਹਿਬ, ਮੁੱਖ ਪ੍ਰਬੰਧਕ ਕੁਲਵੰਤ ਸਿੰਘ ਸੰਘਾ ਤੇ ਗੁਰਪਾਲ ਸਿੰਘ ਪੱਡਾ ਕੁਸ਼ਤੀ ਇੰਚਾਰਜ ਜਿਨ੍ਹਾਂ 1.50 ਲੱਖ ਰੁਪਏ ਦਾ ਵੱਖਰਾ ਯੋਗਦਾਨ ਪਾਇਆ ਹੈ, ਤੋਂ ਇਲਾਵਾ ਹਕੀਮ ਮਹਿੰਦਰ ਪਾਲ ਸਿੰਘ ਮਨਿਹਾਸ, ਦੀਪਕ ਯਾਦਵ, ਆਰ.ਐੱਸ. ਕੂੰਡੁ ਅਤੇ ਪਦਮ ਸ਼੍ਰੀ ਕਰਤਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕਲੱਬ ਦੇ ਮੈਂਬਰਾਂ, ਪ੍ਰਬੰਧਕਾਂ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਤੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ। ਦਰਸ਼ਕਾਂ ਦੀ ਭਾਰੀ ਗਿਣਤੀ ਵਿਚ ਕਬੱਡੀ, ਕੁਸ਼ਤੀਆਂ ਤੇ ਗੱਤਕੇ ਦਾ ਆਨੰਦ ਮਾਣਿਆ ਤੇ ਪ੍ਰਬੰਧਕ ਦੇ ਇੰਤਜ਼ਾਮ ਦੀ ਸ਼ਲਾਘਾ ਕੀਤੀ। ਹੋਲੇ ਮਹੱਲੇ ‘ਤੇ ਟੂਰਨਾਮੈਂਟ ‘ਤੇ ਮਾਹੌਲ ਸ਼ਾਤੀਪੂਰਵਕ ਰਿਹਾ। ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਫਿਰ ਮਿਲਣ ਦੇ ਵਾਹਦੇ ਨਾਲ ਖਿਡਾਰੀ ਤੇ ਦਰਸ਼ਕ ਵਿਦਾ ਹੋਏ।